ਸ੍ਰੀ ਮੁਕਤਸਰ ਸਾਹਿਬ, 18 ਜੁਲਾਈ (ਹਰਮਹਿੰਦਰ ਪਾਲ)-ਦਿਨੋਂ-ਦਿਨ ਰੁੱਖਾਂ ਦੀ ਘੱਟ ਰਹੀ ਗਿਣਤੀ ਕਾਰਨ ਵਿਗੜ ਰਹੇ ਵਾਤਾਵਰਣ ਨੂੰ ਸੰਭਾਲਣ ਲਈ ਯਤਨਸ਼ੀਲ ਡਾ. ਅਜੈ ਸੇਤੀਆ ਐੱਮ.ਡੀ. ਸੇਤੀਆ ਇੰਡਸਟਰੀ ਵਲੋਂ ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ, ਮਲੋਟ ਰੋਡ, ਸੰਗੂਧੌਣ ਰੋਡ, ਸਿਵਲ ਹਸਪਤਾਲ ਅਤੇ ਡਿਪਟੀ ਕਮਿਸ਼ਨਰ ਦਫ਼ਤ ਦੇ ਆਲੇ-ਦੁਆਲੇ ਕਈ ਸਾਲਾਂ ਤੋਂ ਬੂਟੇ ਲਗਾ ਜਾ ਰਹੇ ਹਨ। ਇਹ ਬੂਟੇ ਹੁਣ ਵੱਡੇ ਦਰੱਖ਼ਤ ਬਣ ਗਏ ਹਨ। ਇਸੇ ਤਰ੍ਹਾਂ ਹੁਣ ਬਠਿੰਡਾ ਰੋਡ ਉਪਰ ਬੂਟੇ ਲਗਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਬੂਟੇ ਲਗਾਉਣ ਤੋਂ ਪਹਿਲਾਂ ਸੜਕ ਕਿਨਾਰੇ ਮਿੱਟੀ ਪਾ ਕੇ ਲੈਵਲ ਪੱਧਰਾ ਕੀਤਾ ਗਿਆ ਹੈ। ਬੂਟੇ ਵੀ 5 ਤੋਂ 7 ਫ਼ੁੱਟ ਤੱਕ ਦੇ ਲਾਏ ਹਨ ਤਾਂ ਜੋ ਉਹ ਜਲਦੀ ਵਧ ਜਾਣ। ਬੂਟਿਆਂ ਨੂੰ ਜਾਨਵਰਾਂ ਤੋਂ ਬਚਾਉਣ ਲਈ ਵਾੜ ਕੀਤੀ ਹੈ। ਡਾ. ਸੇਤੀਆ ਨੇ ਦੱਸਿਆ ਕਿ ਬੂੁਟੇ ਲਗਾਉਣ ਤੋਂ ਬਾਅਦ ਉਨ੍ਹਾਂ ਦੇ ਪਾਲਣ ’ਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ। ਗਰਮੀ ਦੀ ਰੁੱਤੇ ਰੋਜ਼ਾਨਾ ਪਾਣੀ ਦੇਣ ਵਾਸਤੇ ਟੈਂਕਰ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 4-5 ਸਾਲ ਤੱਕ ਬੂਟਿਆਂ ਦੀ ਬੱਚਿਆਂ ਵਾਂਗ ਸੰਭਾਲ ਜ਼ਰੂਰੀ ਹੁੰਦੀ ਹੈ। ਇਸ ਦੌਰਾਨ ਹਨੇ੍ਰੀਆਂ ਤੇ ਜਾਨਵਰਾਂ ਤੋਂ ਬਚਾ ਕੇ ਰੱਖਣਾ ਪੈਂਦਾ ਹੈ। ਜ਼ਿਆਦਾ ਬੂਟੇ ਸਦਾਬਹਾਰ ਕਿਸਮ ਦੇ ਲਗਾਏ ਜਾਂਦੇ ਹਨ, ਜੋ ਸਥਾਨਕ ਮੌਸਮ ਦੇ ਅਨੁਕੂਲ ਹਨ। ਉਨ੍ਹਾਂ ਦੇ ਇਸ ਯਤਨ ਦੀ ਵਾਤਾਵਰਣ ਪ੍ਰੇਮੀਆਂ ਵਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਆਮ ਲੋਕਾਂ ਨੂੰ ਬੂਟਿਆਂ ਦੀ ਸੰਭਾਲ ਵਿਚ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ।