08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਮਹਿਲਾ ਨਾਇਬ ਤਹਿਸੀਲਦਾਰ ਨੇ ਲਿਆ ਖੁੱਲ੍ਹੀ ਬੋਲੀ ਦਾ ਸਟੈਂਡ, ਕੁਰਕ ਹੋਣੋਂ ਬਚਿਆ ਕਿਸਾਨ ‘ਰਕਬਾ’

ਮੰਡੀ ਕਿੱਲਿਆਂਵਾਲੀ, 7 ਅਗਸਤ (ਇਕਬਾਲ ਸਿੰਘ ਸ਼ਾਂਤ)-ਪੁਰਾਣੇ ਕਰਜ਼ਾ ਵਿਵਾਦ ਵਿਚ ਨਾਇਬ ਤਹਿਸੀਲਦਾਰ ਰੁਪਿੰਦਰ ਕੌਰ ਬਰਾੜ ਵਲੋਂ ਖੁੱਲ੍ਹੀ ਬੋਲੀ ਕਰਵਾਉਣ ਦੇ ਸਟੈਂਡ ਮਗਰੋਂ ਆੜ੍ਹਤੀ ਤੇ ਕਿਸਾਨ ਵਿਚਾਲੇ 6. 69 ਲੱਖ ਰੁਪਏ ਦੀ ਦੇਣਦਾਰੀ 3 ਲੱਖ ਰੁਪਏ ਵਿਚ ਨਿੱਬੜ ਗਈ।

ਪਿੰਡ ਲੁਹਾਰਾ ਵਿਚ ਨਿਲਾਮੀ ਵਾਰੰਟ ਮੌਕੇ ਕਿਸਾਨ ਤੇ ਆੜ੍ਹਤੀਆ ਧਿਰ ਨਾਲ ਗੱਲਬਾਤ ਕਰਦੇ ਨਾਇਬ ਤਹਿਸੀਲਦਾਰ ਰੁਪਿੰਦਰ ਕੌਰ ਬਰਾੜ ਅਤੇ ਹੋਰ ਅਧਿਕਾਰੀ। ਪ੍ਰਸਿੱਧ ਚਿੱਤਰਕਾਰ ਡਾ. ਰਾਜਨ ਮਾਲੂਜਾ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕਰਦੇ ਹੋਏ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨਿਰਮਲਜੀਤ ਸਿੰਘ ਅਤੇ ਸਹਾਇਕ ਮੈਨੇਜਰ ਸੁਖਦੇਵ ਸਿੰਘ। ਅਜੀਤ ਤਸਵੀਰ 08-08-2026
ਮੰਡੀ ਕਿੱਲਿਆਂਵਾਲੀ, 7 ਅਗਸਤ (ਇਕਬਾਲ ਸਿੰਘ ਸ਼ਾਂਤ)-ਪੁਰਾਣੇ ਕਰਜ਼ਾ ਵਿਵਾਦ ਵਿਚ ਨਾਇਬ ਤਹਿਸੀਲਦਾਰ ਰੁਪਿੰਦਰ ਕੌਰ ਬਰਾੜ ਵਲੋਂ ਖੁੱਲ੍ਹੀ ਬੋਲੀ ਕਰਵਾਉਣ ਦੇ ਸਟੈਂਡ ਮਗਰੋਂ ਆੜ੍ਹਤੀ ਤੇ ਕਿਸਾਨ ਵਿਚਾਲੇ 6.69 ਲੱਖ ਰੁਪਏ ਦੀ ਦੇਣਦਾਰੀ 3 ਲੱਖ ਰੁਪਏ ਵਿਚ ਨਿੱਬੜ ਗਈ। ਇਸ ਨਾਲ ਪਿੰਡ ਲੁਹਾਰਾ ਦੇ ਕਿਸਾਨ ਲਾਭ ਸਿੰਘ ਦਾ ਰਕਬਾ ਕੁਰਕ ਹੋਣੋਂ ਬਚ ਗਿਆ। ਭਾਈਚਾਰਕ ਰਾਜ਼ੀਨਾਮੇ ਤਹਿਤ ਰਕਮ 20 ਦਿਨਾਂ ਬਾਅਦ ਅਦਾ ਕੀਤੀ ਜਾਵੇਗੀ। ਅੱਜ ਆੜ੍ਹਤੀਆ ਧਿਰ ਕੁਲੈਕਟਰ ਦਰਾਂ ’ਤੇ ਨਿਲਾਮੀ ਚਾਹੁੰਦੀ ਸੀ, ਪਰ ਨਾਇਬ ਤਹਿਸੀਲਦਾਰ ਨੇ ਕਾਨੂੰਨੀ ਅਖ਼ਤਿਆਰਾਂ ਤਹਿਤ ਖੁੱਲ੍ਹੀ ਬੋਲੀ ਕਰਵਾਉਣ ਦਾ ਫ਼ੈਸਲਾ ਕੀਤਾ। ਇਸ ਮਗਰੋਂ ਮਾਮਲਾ ਕਰੀਬ 10 ਮਿੰਟ ਵਿਚ ਰਾਜ਼ੀਨਾਮੇ ਦੀ ਲੀਹ ਫ਼ੜ੍ਹ ਗਿਆ। ਗ੍ਰਾਮ ਪੰਚਾਇਤ ਤੇ ਉਗਰਾਹਾਂ ਆਗੂਆਂ ਦੀ ਮੌਜੂਦਗੀ ਵਿਚ ਸਹਿਮਤੀ ਬਣ ਗਈ। ਜੇਕਰ ਕੁਲੈਕਟਰ ਰੇਟ ’ਤੇ ਨਿਲਾਮੀ ਹੁੰਦੀ ਤਾਂ ਜ਼ਮੀਨ ਕਾਫ਼ੀ ਘੱਟ ਭਾਅ ’ਤੇ ਜਾਣੀ ਸੀ, ਜਦਕਿ ਬਾਜ਼ਾਰ ਕੀਮਤਾਂ ਅਸਮਾਨ ਛੋਹ ਰਹੀਆਂ ਹਨ। ਜੁਲਾਈ 2025 ਤੋਂ ਲੈ ਕੇ ਅੱਜ ਨਿਲਾਮੀ ਵਾਰੰਟ ਦੀ ਸੱਤਵੀਂ ਤਰੀਕ ਸੀ। ਇਸ ਤੋਂ ਪਹਿਲਾਂ ਵੀ ਦਰਜਨ ਤੋਂ ਵੱਧ ਨਿਲਾਮੀ ਵਾਰੰਟ ਜਾਰੀ ਹੋਏ, ਪਰ ਹਰ ਵਾਰ ਉਗਰਾਹਾਂ ਜਥੇਬੰਦੀ ਦੇ ਧਰਨੇ-ਵਿਰੋਧ ਕਾਰਨ ਕਾਰਵਾਈ ਨਹੀਂ ਹੋ ਸਕੀ। ਨਿਲਾਮੀ ਵਾਰੰਟ ਮੌਕੇ ਅੱਜ ਵੀ ਪਿੰਡ ਦੀ ਧਰਮਸ਼ਾਲਾ ਵਿਚ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ ਦੀ ਅਗਵਾਈ ਹੇਠ ਕਿਸਾਨ ਕਾਰਕੁਨ ਪੁੱਜੇ ਸਨ। ਕਾਨੂੰਨ-ਵਿਵਸਥਾ ਦੇ ਮੱਦੇਨਜ਼ਰ ਥਾਣਾ ਕਿੱਲਿਆਂਵਾਲੀ ਦੀ ਮੁਖੀ ਕਰਮਜੀਤ ਕੌਰ ਦੀ ਅਗਵਾਈ ਹੇਠ ਸੰਬੰਧਿਤ ਖੇਤ ਅਤੇ ਧਰਮਸ਼ਾਲਾ ਵਿਚ ਪੁਲਿਸ ਅਮਲਾ ਤਾਇਨਾਤ ਸੀ। ਮਾਮਲਾ ਕਰੀਬ 15 ਸਾਲ ਪੁਰਾਣਾ ਹੈ। ਲਾਭ ਸਿੰਘ ਨੇ ਆਪਣੇ ਬਿਮਾਰ ਪੁੱਤਰ ਦੇ ਇਲਾਜ ਲਈ ਪਿੰਡ ਲੁਹਾਰਾ ਦੇ ਇਕ ਆੜ੍ਹਤੀਏ ਤੋਂ ਕਰੀਬ 20 ਹਜ਼ਾਰ ਰੁਪਏ ਕਰਜ਼ ਲਿਆ ਸੀ। ਪ੍ਰਨੋਟ ਭਰਨ ਮਗਰੋਂ ਕਰਜ਼ਾ ਵਿਆਜ ਸਮੇਤ 6.69 ਲੱਖ ਰੁਪਏ ਦੀ ਦੇਣਦਾਰੀ ’ਚ ਬਦਲ ਗਿਆ। ਬਾਅਦ ਵਿਚ ਅਦਾਲਤੀ ਫ਼ੈਸਲਾ ਆੜ੍ਹਤੀ ਦੇ ਹੱਕ ਵਿਚ ਆ ਗਿਆ। ਨਾਇਬ ਤਹਿਸੀਲਦਾਰ ਰੁਪਿੰਦਰ ਕੌਰ ਨੇ ਕਿਹਾ ਕਿ ਹਾਂ-ਪੱਖੀ ਮਾਹੌਲ ਵਿਚ ਰਾਜ਼ੀਨਾਮੇ ਤਹਿਤ ਆੜ੍ਹਤੀਏ ਨੂੰ ਵਾਜਬ ਰਕਮ ਦਾ ਰਾਹ ਪੱਧਰਾ ਹੋ ਗਿਆ ਠਤੇ ਕਿਸਾਨ ਦੀ ਜ਼ਮੀਨ ਕੁਰਕ ਹੋਣ ਤੋਂ ਬਚ ਗਈ। ਉਗਰਾਹਾਂ ਦੇ ਜ਼ਿਲ੍ਹਾ ਆਗੂ ਗੁਰਪਾਸ਼ ਸਿੰਘੇਵਾਲਾ ਨੇ ਕਿਹਾ ਕਿ ਨਕਦ ਰਕਮ ਦੇ ਆਧਾਰ ’ਤੇ ਮਾਮਲਾ ਨਿੱਬੜਨਾ ਕਿਸਾਨ ਸੰਘਰਸ਼ ਦੀ ਵੱਡੀ ਜਿੱਤ ਹੈ। ਇਸ ਮੌਕੇ ਹਰਪਾਲ ਸਿੰਘ ਕਿੱਲਿਆਂਵਾਲੀ, ਮਨੋਹਰ ਸਿੱਖਵਾਲਾ, ਸੁਖਵੀਰ ਵੜਿੰਗ ਖੇੜਾ, ਗੁਰਤੇਜ ਸਿੰਘ ਖੁੱਡੀਆਂ ਤੇ ਦਲਜੀਤ ਸਿੰਘ ਮਿੱਠੜੀ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਇਹ ਮਾਮਲਾ ਪ੍ਰਸ਼ਾਸਨ ਲਈ ਚੁਣੌਤੀ ਬਣਿਆ ਰਿਹਾ ਸੀ। ਕਰੀਬ ਸਾਲ ਪਹਿਲਾਂ ਨਿਲਾਮੀ ਵਾਰੰਟ ਲਾਗੂ ਨਾ ਹੋਣ ਕਰਕੇ ਇਕ ਅਧਿਕਾਰੀ ਦੀ ਤਨਖ਼ਾਹ ਅਟੈਚ ਕੀਤੀ ਗਈ ਸੀ। ਕਾਰਵਾਈ ਫ਼ੋਟੋਆਂ ਭੇਜਣ ਉਪਰੰਤ ਤਨਖ਼ਾਹ ਜਾਰੀ ਹੋ ਸਕੀ।
ਪਿਛਲੀ ਖ਼ਬਰ ਮਲੋਟ ਦੇ ਨਵਾਂ ਪਿੰਡ ’ਚ ਦੇਰ ਰਾਤ ਚੋਰਾਂ ਦਾ ਧਾਵਾ 10 ਤੋਲੇ ਸੋਨਾ ਅਤੇ ਹਜ਼ਾਰਾਂ ਦੀ ਨਕਦੀ ਲੈ ਕੇ ਫ਼ਰਾਰ ਅਗਲੀ ਖ਼ਬਰ ਪੁਲਿਸ ਨੇ ਜ਼ਿਲ੍ਹੇ ਦੇ ਬੱਸ ਸਟੈਂਡਾਂ ’ਤੇ ਵਿਸ਼ੇਸ਼ ਸੁਰੱਖਿਆ ਚੈਕਿੰਗ ਅਤੇ ਸਰਚ ਆਪ੍ਰੇਸ਼ਨ ਚਲਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।