ਡੱਬਵਾਲੀ (ਹਰਿਆਣਾ), 7 ਅਗਸਤ (ਇਕਬਾਲ ਸਿੰਘ ਸ਼ਾਂਤ)- ਪੀਲੀਆ ਪ੍ਰਭਾਵਿਤ ਪਿੰਡ ਦੇਸੂਜੋਧਾ 'ਚ ਹਾਲਾਤ ਕਾਬੂ 'ਚ ਨਾ ਆਉਣ ਕਾਰਨ ਪਿੰਡ ਵਾਸੀਆਂ ਨੇ ਅੱਜ ਵਾਟਰ ਵਰਕਸ ਅੱਗੇ ਧਰਨਾ ਦੇ ਕੇ ਰੋਸ ਜਤਾਇਆ। ਇਸੇ ਦੌਰਾਨ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਵਲੋਂ 3 ਤੋਂ 5 ਅਗਸਤ ਦਰਮਿਆਨ ਲਏ 42 ਪਾਣੀ ਦੇ ਨਮੂਨਿਆਂ ਦੀ ਲੈਬ ਰਿਪੋਰਟ 'ਚ 13 ਨਮੂਨੇ ਪੀਣ ਯੋਗ ਨਹੀਂ ਪਾਏ ਗਏ। ਇਨ੍ਹਾਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਅਤੇ ਪ੍ਰਾਇਮਰੀ ਸਕੂਲ ਦੇ ਆਰ.ਓ., ਇਕ ਨਿੱਜੀ ਸਕੂਲ ਦੀ ਡਿੱਗੀ ਤੇ ਉੱਪਰਲੀ ਟੈਂਕੀ ਦਾ ਪਾਣੀ ਵੀ ਸ਼ਾਮਲ ਹੈ।
ਰਿਪੋਰਟ ਅਨੁਸਾਰ ਸਰਕਾਰੀ ਸਕੂਲਾਂ ਦੇ ਆਰਓ ਦਾ ਪਾਣੀ ਫੇਲ ਮਿਲਿਆ, ਜਦਕਿ ਦੋਵੇਂ ਸਕੂਲਾਂ ਦੇ ਨਲਕਿਆਂ ਦਾ ਪਾਣੀ ਪੀਣ ਯੋਗ ਸੀ। ਕਈ ਘਰਾਂ ਦੇ ਪਾਣੀ ਦੇ ਸਰੋਤ ਵੀ ਅਸੁਰੱਖਿਅਤ ਮਿਲੇ। ਸੁਖਪਾਲ ਸਿੰਘ ਦੇ ਘਰ ਦਾ ਆਰਓ, ਸਟੋਰੇਜ ਟੈਂਕ ਅਤੇ ਟਿਊਬਵੈੱਲ, ਜਗਦੇਵ ਸਿੰਘ ਦੇ ਸਟੋਰੇਜ ਟੈਂਕ ਅਤੇ ਬਲਕੌਰ ਸਿੰਘ ਦੇ ਘਰ ਦਾ ਟੂਟੀ ਪਾਣੀ ਵੀ ਫੇਲ ਰਿਹਾ। ਕੱਲ ਟਿਊਬਵੈੱਲ ਦੇ ਪੰਜ ਨਮੂਨੇ ਵੀ ਹਾਰਡਨੈੱਸ, ਮੈਗਨੀਸ਼ੀਅਮ ਅਤੇ ਨਾਈਟ੍ਰੇਟ ਵੱਧ ਹੋਣ ਕਾਰਨ ਫੇਲ ਆਏ ਸਨ।
ਇਕ ਨਿੱਜੀ ਸਕੂਲ ਦੇ ਪਾਣੀ ਦੇ ਨਮੂਨੇ ਪਾਸ ਹੋਣ ਦੇ ਬਾਵਜੂਦ ਸੰਚਾਲਕ, ਉਨ੍ਹਾਂ ਦੀ ਪੁੱਤਰੀ ਅਤੇ ਤਿੰਨ ਅਧਿਆਪਕ ਪੀਲੀਆ ਨਾਲ ਪੀੜਤ ਹਨ। ਸੰਚਾਲਕ ਨੇ ਨਵੀਂ ਪਾਈਪਲਾਈਨ ਵਿਛਾਉਣ ਦੌਰਾਨ ਗੰਦਾ ਪਾਣੀ ਲਾਈਨ 'ਚ ਮਿਲਣ ਨੂੰ ਬਿਮਾਰੀ ਦਾ ਕਾਰਨ ਦੱਸਿਆ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ 10-12 ਦਿਨਾਂ 'ਚ 60-65 ਬੱਚੇ ਪੀਲੀਆ ਦੀ ਲਪੇਟ 'ਚ ਆਏ ਹਨ। ਉਨ੍ਹਾਂ ਨੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਦੀ ਮੰਗ ਕੀਤੀ। ਦੇਰ ਸ਼ਾਮ ਤਹਿਸੀਲਦਾਰ ਸੁਨੀਲ ਕੁਮਾਰ ਅਤੇ ਬੀ.ਡੀ.ਪੀ.ਓ. ਹਰੀਸ਼ ਕੁਮਾਰ ਧਰਨਾ ਸਥਾਨ 'ਤੇ ਪੁੱਜੇ, ਪਰ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਸ਼ਨੀਵਾਰ ਨੂੰ ਆ ਕੇ ਗੱਲਬਾਤ ਕਰਨ ਲਈ ਕਿਹਾ।