ਅਮਰਿੰਦਰ ਸਿੰਘ ਭੁੱਨਰਹੇੜੀ ਨੂੰ ਮਿਲਿਆ ਉਸਤਾਦ ਬਿਸਮਿੱਲਾ ਖ਼ਾਨ ਯੁਵਾ ਪੁਰਸਕਾਰ
ਭੁੱਨਰਹੇੜੀ, 22 ਅਕਤੂਬਰ (ਧਨਵੰਤ ਸਿੰਘ)- ਪੰਜਾਬੀ ਲੋਕ ਨਾਚਾਂ ਦੇ ਪ੍ਰਸਿੱਧ ਕਲਾਕਾਰ ਤੇ ਕੋਰੀਓਗ੍ਰਾਫਰ ਅਮਰਿੰਦਰ ਸਿੰਘ ਭੁੱਨਰਹੇੜੀ ਨੂੰ ਭਾਰਤੀ ਕਲਾ ਤੇ ਸੱਭਿਆਚਾਰ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਵੱਕਾਰੀ ਉਸਤਾਦ ਬਿਸਮਿੱਲਾ ਖ਼ਾਨ ਯੁਵਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਪਟਿਆਲਾ ਸਮੇਤ ਹਲਕਾ ਸਨੌਰ ਤੇ ਪੰਜਾਬ ਦਾ ਮਾਣ ਵਧਿਆ ਹੈ।
ਭੁੱਨਰਹੇੜੀ, 22 ਅਕਤੂਬਰ (ਧਨਵੰਤ ਸਿੰਘ)- ਪੰਜਾਬੀ ਲੋਕ ਨਾਚਾਂ ਦੇ ਪ੍ਰਸਿੱਧ ਕਲਾਕਾਰ ਤੇ ਕੋਰੀਓਗ੍ਰਾਫਰ ਅਮਰਿੰਦਰ ਸਿੰਘ ਭੁੱਨਰਹੇੜੀ ਨੂੰ ਭਾਰਤੀ ਕਲਾ ਤੇ ਸੱਭਿਆਚਾਰ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਵੱਕਾਰੀ ਉਸਤਾਦ ਬਿਸਮਿੱਲਾ ਖ਼ਾਨ ਯੁਵਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਪਟਿਆਲਾ ਸਮੇਤ ਹਲਕਾ ਸਨੌਰ ਤੇ ਪੰਜਾਬ ਦਾ ਮਾਣ ਵਧਿਆ ਹੈ। ਨਵੀਂ ਦਿੱਲੀ ਦੇ ਰਵਿੰਦਰ ਭਵਨ ਵਿਖੇ ਕਰਵਾਏ ਸਮਾਰੋਹ ਦੌਰਾਨ ਕੇਂਦਰੀ ਸੱਭਿਆਚਾਰ ਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਉਨ੍ਹਾਂ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ। ਇਸ ਮੌਕੇ ਸੰਗੀਤ ਨਾਟਕ ਅਕਾਦਮੀ ਦੀ ਚੇਅਰਪਰਸਨ ਡਾ. ਸੰਧਿਆ ਪੁਰੇਚਾ, ਸਕੱਤਰ ਰਾਜੂ ਦਾਸ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ। ਸਮਾਰੋਹ ਦੌਰਾਨ ਸਾਲ 2024 ਅਤੇ 2025 ਦੇ ਪੁਰਸਕਾਰ ਦੇਸ਼ ਭਰ ਦੇ ਵੱਖ-ਵੱਖ ਕਲਾਕਾਰਾਂ ਨੂੰ ਦਿੱਤੇ ਗਏ। ਅਮਰਿੰਦਰ ਸਿੰਘ ਪਿਛਲੇ 18 ਸਾਲਾਂ ਤੋਂ ਪੰਜਾਬੀ ਲੋਕ ਨਾਚਾਂ ਦੀ ਸੰਭਾਲ, ਸਿਖਲਾਈ ਅਤੇ ਪ੍ਰਚਾਰ ਲਈ ਕਾਰਜਸ਼ੀਲ ਹਨ। ਉਨ੍ਹਾਂ ਨੇ ਭੰਗੜੇ, ਝੂਮਰ, ਲੁੱਡੀ ਸਮੇਤ ਪੰਜਾਬ ਦੇ ਰਵਾਇਤੀ ਲੋਕ ਨਾਚਾਂ ਨੂੰ ਕੌਮੀ ਅਤੇ ਕੌਮਾਂਤਰੀ ਮੰਚਾਂ ’ਤੇ ਪੇਸ਼ ਕਰਕੇ ਪੰਜਾਬੀ ਸੱਭਿਆਚਾਰ ਦੀ ਪਛਾਣ ਨੂੰ ਵਿਸ਼ਾਲ ਪੱਧਰ ’ਤੇ ਪਹੁੰਚਾਇਆ ਹੈ। ਦੁਬਈ, ਮੈਡਾਗਾਸਕਰ, ਦੱਖਣੀ ਅਫ਼ਰੀਕਾ ਅਤੇ ਜਾਪਾਨ ਵਿਚ ਉਨ੍ਹਾਂ ਦੀਆਂ ਪੇਸ਼ਕਾਰੀਆਂ ਪੰਜਾਬੀ ਲੋਕ ਕਲਾ ਖੇਤਰ ਦਾ ਹਿੱਸਾ ਰਹੀਆਂ ਹਨ। ਪੰਜਾਬੀ ਲੋਕ ਕਲਾ ਮੰਚ ਕਲੱਬ ਦੇ ਅਮਰਿੰਦਰ ਸਿੰਘ ਪ੍ਰਧਾਨ ਵਜੋਂ ਵੀ ਨੌਜਵਾਨ ਪੀੜ੍ਹੀ ਨੂੰ ਲੋਕ ਨਾਚਾਂ ਨਾਲ ਜੋੜਨ ਅਤੇ ਰਵਾਇਤੀ ਕਲਾਵਾਂ ਦੀ ਸੰਭਾਲ ਲਈ ਯਤਨ ਕਰ ਰਹੇ ਹਨ। ਉਨ੍ਹਾਂ ਨੂੰ ਮਿਲਿਆ ਇਹ ਸਨਮਾਨ ਪੰਜਾਬੀ ਲੋਕ ਨਾਚਾਂ ਪ੍ਰਤੀ ਉਨ੍ਹਾਂ ਦੀ ਲੰਬੀ ਸਾਧਨਾ ਅਤੇ ਸਮਰਪਣ ਦੀ ਕੌਮੀ ਪੱਧਰ ’ਤੇ ਮਿਲੀ ਮਾਨਤਾ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਇਲਾਕੇ ਦੇ ਕਲਾ ਪ੍ਰੇਮੀਆਂ ਵਿਚ ਖ਼ੁਸ਼ੀ ਪਾਈ ਜਾ ਰਹੀ ਹੈ।