ਪਟਿਆਲਾ, 10 ਅਕਤੂਬਰ (ਅ.ਸ. ਆਹਲੂਵਾਲੀਆ)-ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਸੁਰੱਖਿਆ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਫੂਡ ਸੇਫਟੀ ਟੀਮ ਪਟਿਆਲਾ ਵਲੋਂ ਤੜਕਸਾਰ ਪਿੰਡ ਛਤੈੜਾ (ਵੀ.ਪੀ.ਓ. ਛਤੈੜਾ) ਵਿਖੇ ਸਥਿਤ ਪੰਜਾਬ ਮਿਲਕ ਡੇਅਰੀ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਡੇਅਰੀ ਦੇ ਅਹਾਤੇ ਵਿਚ ਲਗਭਗ 1.25 ਕੁਇੰਟਲ ਪਨੀਰ ਪਾਇਆ ਗਿਆ। ਪਨੀਰ ਦਾ ਇਕ ਸੈਂਪਲ ਲੈ ਕੇ ਜਾਂਚ ਲਈ ਲੈਬਾਰਟਰੀ ਵਿਚ ਭੇਜਿਆ ਗਿਆ। ਸ਼ੱਕ ਦੇ ਆਧਾਰ ’ਤੇ ਬਾਕੀ ਸਟਾਕ ਨੂੰ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੇ ਲਾਗੂ ਉਪਬੰਧਾਂ ਅਨੁਸਾਰ ਅਗਲੀ ਕਾਰਵਾਈ ਤੱਕ ਜ਼ਬਤ ਕਰ ਲਿਆ ਗਿਆ। ਇਸ ਤੋਂ ਬਾਅਦ ਫੂਡ ਸੇਫਟੀ ਟੀਮ ਵਲੋਂ ਸਮਾਣਾ ਸ਼ਹਿਰ ਵਿਖੇ ਵੱਖ-ਵੱਖ ਥਾਵਾਂ ’ਤੇ ਜਾਂਚ ਕੀਤੀ ਗਈ, ਜਿੱਥੋਂ ਪਨੀਰ ਦੇ ਤਿੰਨ ਅਤੇ ਘਿਓ ਦਾ ਇਕ ਸੈਂਪਲ ਲਿਆ ਗਿਆ। ਇਸ ਤਰ੍ਹਾਂ ਕੁੱਲ ਪੰਜ ਸੈਂਪਲ ਜਾਂਚ ਲਈ ਲੈਬਾਰਟਰੀ ਵਿਚ ਭੇਜੇ ਗਏ ਹਨ, ਤਾਂ ਜੋ ਇਨ੍ਹਾਂ ਦੀ ਗੁਣਵੱਤਾ ਅਤੇ ਸੁਰੱਖਿਆ ਦੀ ਜਾਂਚ ਕੀਤੀ ਜਾ ਸਕੇ। ਫੂਡ ਸੇਫਟੀ ਵਿਭਾਗ ਨੇ ਦੁਹਰਾਇਆ ਕਿ ਆਮ ਲੋਕਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਖੁਰਾਕ ਮੁਹੱਈਆ ਕਰਵਾਉਣਾ ਵਿਭਾਗ ਦੀ ਮੁੱਖ ਤਰਜੀਹ ਹੈ। ਵਿਭਾਗ ਵਲੋਂ ਜਾਂਚ ਅਤੇ ਸੈਂਪਲ ਲੈਣ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ। ਲੈਬਾਰਟਰੀ ਦੀਆਂ ਰਿਪੋਰਟਾਂ ਦੇ ਆਧਾਰ ’ਤੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਵਿਭਾਗ ਨੇ ਸਮੂਹ ਫੂਡ ਬਿਜ਼ਨਸ ਆਪਰੇਟਰਾਂ ਨੂੰ ਅਪੀਲ ਕੀਤੀ ਕਿ ਉਹ ਸਫ਼ਾਈ ਦੇ ਉੱਚਿਤ ਮਾਪਦੰਡਾਂ ਨੂੰ ਕਾਇਮ ਰੱਖਣ, ਖੁਰਾਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਖਪਤਕਾਰਾਂ ਨੂੰ ਸਿਰਫ਼ ਸੁਰੱਖਿਅਤ ਤੇ ਮਿਆਰੀ ਖੁਰਾਕੀ ਪਦਾਰਥ ਹੀ ਮੁਹੱਈਆ ਕਰਵਾਉਣ।