ਪਟਿਆਲਾ, 3 ਸਤੰਬਰ (ਅ.ਸ. ਆਹਲੂਵਾਲੀਆ)- ਪੰਜਾਬ ਸਰਕਾਰ ਵਲੋਂ ਸੂਬੇ ਨੂੰ ਸਾਫ਼-ਸੁਥਰਾ ਤੇ ਸੁੰਦਰ ਬਣਾਉਣ ਦੇ ਮਕਸਦ ਨਾਲ ਆਰੰਭੇ ਗਏ ‘ਮਿਸ਼ਨ ਕਲੀਨ ਪੰਜਾਬ’ ਤਹਿਤ ਨਗਰ ਨਿਗਮ ਵਲੋਂ ਲਗਾਤਾਰ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਪਟਿਆਲਾ ਦੇ ਪਰਸ਼ੂਰਾਮ ਚੌਂਕ ਤੋਂ ਲੈ ਕੇ ਸਨੌਰੀ ਅੱਡੇ ਤੱਕ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ ਗਿਆ। ਇਸ ਮੁਹਿੰਮ ਦੀ ਅਗਵਾਈ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਅਤੇ ਐਡੀਸ਼ਨਲ ਕਮਿਸ਼ਨਰ ਸਿਮਰਪ੍ਰੀਤ ਕੌਰ ਨੇ ਸਾਂਝੇ ਤੌਰ ‘ਤੇ ਕੀਤੀ। ਇਸ ਮੌਕੇ ਕੌਂਸਲਰ ਬਿੱਟੂ, ਕੌਂਸਲਰ ਨੇਹਾ ਸਿੱਧੂ, ਕੌਂਸਲਰ ਰਾਜੂ ਸਾਹਨੀ, ਯੂਥ ਆਗੂ ਸਿਮਰਪ੍ਰੀਤ ਸਿੰਘ ਸਮੇਤ ਹੋਰਨਾਂ ਪਤਵੰਤਿਆਂ, ਨਿਗਮ ਕਰਮਚਾਰੀਆਂ ਅਤੇ ਸਥਾਨਕ ਇਲਾਕਾ ਵਾਸੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਟੀਮਾਂ ਵਲੋਂ ਸੜਕ ਕਿਨਾਰਿਆਂ, ਡਿਵਾਈਡਰਾਂ ਅਤੇ ਜਨਤਕ ਥਾਵਾਂ ਤੋਂ ਕੂੜਾ-ਕਰਕਟ ਅਤੇ ਮਲਬਾ ਚੁੱਕ ਕੇ ਰਸਤੇ ਨੂੰ ਮੁਕੰਮਲ ਸਾਫ਼ ਕੀਤਾ ਗਿਆ। ਇਸ ਮੌਕੇ ਵਿਧਾਇਕ ਕੋਹਲੀ ਅਤੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਸ਼ਾਹੀ ਸ਼ਹਿਰ ਪਟਿਆਲਾ ਨੂੰ ਸਵੱਛ ਤੇ ਪ੍ਰਦੂਸ਼ਣ-ਮੁਕਤ ਬਣਾਉਣਾ ਸਾਡੀ ਸਭ ਦੀ ਸਾਂਝੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਹਰ ਸ਼ਹਿਰੀ ਇਸ ਮੁਹਿੰਮ ਵਿਚ ਆਪਣਾ ਯੋਗਦਾਨ ਨਹੀਂ ਪਾਉਂਦਾ, ਉਦੋਂ ਤੱਕ ਪੂਰਨ ਸਫ਼ਾਈ ਦਾ ਟੀਚਾ ਹਾਸਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਸੜਕਾਂ ਜਾਂ ਖੁੱਲ੍ਹੀਆਂ ਥਾਵਾਂ ‘ਤੇ ਕੂੜਾ ਸੁੱਟਣ ਦੀ ਬਜਾਏ ਨਗਰ ਨਿਗਮ ਦੀਆਂ ਕੂੜਾ ਇਕੱਠਾ ਕਰਨ ਵਾਲੀਆਂ ਗੱਡੀਆਂ ਵਿਚ ਹੀ ਕੂੜਾ ਪਾਉਣ ਤੇ ਗਿੱਲਾ ਤੇ ਸੁੱਕਾ ਕੂੜਾ ਵੱਖ ਰੱਖਣ ਦਾ ਨੇਮ ਬਣਾਉਣ। ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਰੂਟਾਂ ‘ਤੇ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਤਾਂ ਜੋ ਸ਼ਹਿਰ ਦਾ ਕੋਈ ਵੀ ਕੋਨਾ ਗੰਦਗੀ-ਮੁਕਤ ਰਹਿਣ ਤੋਂ ਵਾਂਝਾ ਨਾ ਰਹੇ। ਉਨ੍ਹਾਂ ਇਸ ਕਾਰਜ ਵਿਚ ਸਹਿਯੋਗ ਦੇਣ ਵਾਲੇ ਸਮੂਹ ਕੌਂਸਲਰਾਂ ਤੇ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ।