03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

‘ ਮਿਸ਼ਨ ਕਲੀਨ ਪੰਜਾਬ’ ਤਹਿਤ ਨਗਰ ਨਿਗਮ, ਫ਼ੌਜੀ ਜਵਾਨਾਂ ਤੇ ਸਕੂਲੀ ਵਿਦਿਆਰਥੀਆਂ ਨੇ ਸੰਭਾਲੀ ਸਫ਼ਾਈ ਦੀ ਕਮਾਨ

ਪਟਿਆਲਾ, 2 ਸਤੰਬਰ (ਅ. ਸ.

ਸਫ਼ਾਈ ਅਭਿਆਨ ਦੌਰਾਨ ਮੌਕੇ ’ਤੇ ਮੌਜੂਦ ਮੇਅਰ ਕੁੰਦਨ ਗੋਗੀਆ, ਐਡੀਸ਼ਨਲ ਕਮਿਸ਼ਨਰ ਸਿਮਰਪ੍ਰੀਤ ਕੌਰ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਆਈ.ਟੀ.ਬੀ.ਪੀ. ਦੇ ਜਵਾਨ ਅਤੇ ਸਕੂਲੀ ਵਿਦਿਆਰਥੀ। ਅਜੀਤ ਤਸਵੀਰ 03-09-2026
ਪਟਿਆਲਾ, 2 ਸਤੰਬਰ (ਅ.ਸ. ਆਹਲੂਵਾਲੀਆ)- ਪੰਜਾਬ ਸਰਕਾਰ ਵਲੋਂ ਆਰੰਭੇ ਗਏ ‘ਮਿਸ਼ਨ ਕਲੀਨ ਪੰਜਾਬ’ ਤੇ ਸਵੱਛ ਭਾਰਤ ਅਭਿਆਨ ਤਹਿਤ ਸ਼ਾਹੀ ਸ਼ਹਿਰ ਪਟਿਆਲਾ ਨੂੰ ਕੂੜਾ-ਮੁਕਤ, ਸਾਫ਼-ਸੁਥਰਾ ਤੇ ਸੁੰਦਰ ਬਣਾਉਣ ਲਈ ਨਗਰ ਨਿਗਮ ਪਟਿਆਲਾ ਵਲੋਂ ਵਿੱਢੀ ਗਈ 10 ਦਿਨਾ ਵਿਸ਼ੇਸ਼ ਸਫ਼ਾਈ ਮੁਹਿੰਮ ਲਗਾਤਾਰ ਪੂਰੇ ਉਤਸ਼ਾਹ ਨਾਲ ਜਾਰੀ ਹੈ। ਇਸੇ ਲੜੀ ਤਹਿਤ ਗੁਰਬਖ਼ਸ਼ ਕਾਲੋਨੀ ਤੋਂ ਲੈ ਕੇ ਤਫ਼ਜ਼ਲਪੁਰਾ ਚੌਂਕ ਤੱਕ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ ਗਿਆ। ਇਸ ਮੁਹਿੰਮ ਵਿਚ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਐਡੀਸ਼ਨਲ ਕਮਿਸ਼ਨਰ ਸਿਮਰਪ੍ਰੀਤ ਕੌਰ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਕੌਂਸਲਰ ਮੋਹਿਤ ਮਰਵਾਹਾ, ਰਾਜਿੰਦਰ ਕੁਮਾਰ ਰਾਜੂ, ਸਮੇਤ ਹੋਰਨਾਂ ਕੌਂਸਲਰਾਂ ਅਤੇ ‘ਆਪ’ ਆਗੂਆਂ ਨੇ ਖ਼ੁਦ ਸ਼ਮੂਲੀਅਤ ਕੀਤੀ। ਇਸ ਦੌਰਾਨ ਆਈ. ਟੀ. ਬੀ. ਪੀ. ਕਮਾਂਡੈਂਟ ਨਰਿੰਦਰ ਕੁਮਾਰ ਦੀ ਅਗਵਾਈ ਵਿਚ ਪਹੁੰਚੀ ਇੰਸਪੈਕਟਰ ਵਿਨੋਦ ਕੁਮਾਰ ਸਮੇਤ ਜਵਾਨਾਂ ਦੀ ਟੀਮ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥਣਾਂ, ਵੀਰ ਹਕੀਕਤ ਰਾਏ ਸਕੂਲ ਦੇ ਸਟਾਫ਼ ਤੇ ਵਿਦਿਆਰਥੀਆਂ ਅਤੇ ਵੱਡੀ ਗਿਣਤੀ ਵਿਚ ਸਥਾਨਕ ਵਸਨੀਕਾਂ ਨੇ ਹੱਥਾਂ ਵਿਚ ਝਾੜੂ ਫੜ ਕੇ ਸਫ਼ਾਈ ਕਾਰਜਾਂ ਵਿਚ ਯੋਗਦਾਨ ਪਾਇਆ। ਸੜਕ ਕਿਨਾਰਿਆਂ ਤੇ ਖਾਲੀ ਥਾਵਾਂ ਤੋਂ ਕੂੜਾ ਤੇ ਮਲਬਾ ਚੁੱਕ ਕੇ ਰਸਤੇ ਸਾਫ਼ ਕਰਵਾਏ ਗਏ। ਇਸ ਮੌਕੇ ਜਾਰੀ ਸਾਂਝੇ ਬਿਆਨ ਵਿੱਚ ਮੇਅਰ ਕੁੰਦਨ ਗੋਗੀਆ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਤੇ ਐਡੀਸ਼ਨਲ ਕਮਿਸ਼ਨਰ ਸਿਮਰਪ੍ਰੀਤ ਕੌਰ ਨੇ ਸਾਂਝੇ ਤੌਰ ਤੇ ਕਿਹਾ ਕਿ ਪਟਿਆਲਾ ਨੂੰ ਸਾਫ਼-ਸੁਥਰਾ, ਸਿਹਤਮੰਦ ਅਤੇ ਪ੍ਰਦੂਸ਼ਣ-ਮੁਕਤ ਰੱਖਣਾ ਸਿਰਫ਼ ਨਿਗਮ ਪ੍ਰਸ਼ਾਸਨ ਦਾ ਨਹੀਂ, ਸਗੋਂ ਹਰ ਸ਼ਹਿਰ ਵਾਸੀ ਦਾ ਸਾਂਝਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਸਾਡੇ ਬਹਾਦਰ ਫ਼ੌਜੀ ਜਵਾਨ ਅਤੇ ਸਕੂਲਾਂ ਦੇ ਹੋਣਹਾਰ ਵਿਦਿਆਰਥੀ ਸ਼ਹਿਰ ਦੀ ਸੇਵਾ ਲਈ ਸੜਕਾਂ ’ਤੇ ਉੱਤਰਦੇ ਹਨ, ਤਾਂ ਇਹ ਸਮਾਜਿਕ ਜ਼ਿੰਮੇਵਾਰੀ ਦੀ ਇਕ ਲਾਮਿਸਾਲ ਮਿਸਾਲ ਬਣ ਜਾਂਦੀ ਹੈ। ਮੇਅਰ ਅਤੇ ਐਡੀਸ਼ਨਲ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਸੜਕਾਂ ਅਤੇ ਜਨਤਕ ਥਾਵਾਂ ’ਤੇ ਕੂੜਾ ਸੁੱਟਣ ਦੀ ਬਜਾਏ ਨਿਗਮ ਦੀਆਂ ਗੱਡੀਆਂ ਵਿਚ ਹੀ ਕੂੜਾ ਪਾਉਣ ਅਤੇ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਰੱਖਣ ਦਾ ਨੇਮ ਬਣਾਉਣ।
ਪਿਛਲੀ ਖ਼ਬਰ ਖਾਲੀ ਪਲਾਟਾਂ ਦੀ ਸਮੇਂ-ਸਮੇਂ ’ਤੇ ਸਫ਼ਾਈ ਨਾ ਕਰਵਾਉਣ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ- ਡੀ. ਸੀ. ਅਗਲੀ ਖ਼ਬਰ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਦੀ ਕੰਟੀਨ ’ਚ ਸ਼ਾਕਾਹਾਰੀ ਖਾਣੇ ’ਚ ਚਿਕਨ ਦਾ ਟੁਕੜਾ ਮਿਲਣ ਦਾ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।