ਪਟਿਆਲਾ, 1 ਅਗਸਤ (ਅ. ਸ. ਆਹਲੂਵਾਲੀਆ)-ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਵਲੋਂ ਮੋਹਿੰਦਰ ਸਿੰਘ ਜੱਗੀ ਦੀ ਮਿੰਨੀ ਕਹਾਣੀਆਂ ਦੀ ਕਿਤਾਬ ‘ਅਨੁਭਵ’ ਰਿਲੀਜ਼ ਕੀਤੀ ਗਈ। ਜੋਗਿੰਦਰ ਸਿੰਘ ਮਦਾਨ ਦੀ ਪ੍ਰਧਾਨਗੀ ਤੇ ਮਨਜੀਤ ਕੌਰ ਸਕੱਤਰ ਦੀ ਅਗਵਾਈ ਵਿਚ ਕਰਵਾਏ ਰਿਲੀਜ਼ ਸਮਾਗਮ ਨੂੰ ਇੰਜੀਨੀਅਰ ਐਸ. ਕੇ. ਮਲਹੋਤਰਾ ਤੇ ਡਾ. ਇੰਦਰ ਪਾਲ ਕੌਰ ਨੇ ਜੱਗੀ ਦੇ ਕਲਾ ਦੇ ਜੀਵਨ ਥੀਏਟਰ ਆਰਟਿਸਟ, ਦਰਜਨਾਂ ਕਿਤਾਬਾਂ ਦੇ ਲੇਖਕ ਤੇ ਬੁਲੰਦ ਆਵਾਜ਼ ਵਾਲੇ ਕਲਾਕਾਰ ਹੋਣ ਬਾਰੇ ਦੱਸਿਆ। ਉਨ੍ਹਾਂ ਦੀਆਂ ਮਿੰਨੀ ਕਹਾਣੀਆਂ ਦੀ ਪੁਸਤਕ ਵਿਚੋਂ ਹਵਾਲੇ ਦੇ ਕੇ ਉਨ੍ਹਾਂ ਦੀਆਂ ਕਹਾਣੀਆਂ ਨੂੰ ਯਥਾਰਥ ਵਾਦੀ, ਆਸ਼ਾਵਾਦੀ ਅਤੇ ਚੰਗੀ ਸੇਧ ਦੇਣ ਵਾਲੀਆਂ ਦੱਸਿਆ। ਤਰਸੇਮ ਲਾਲ ਨੇ ਉਨ੍ਹਾਂ ਦੇ ਬੁਲੰਦ ਅਵਾਜ਼ ਵਿਚ ਕਵਿਤਾ, ਗੀਤ ਤੇ ਕੀਰਤਨ ਕਰਨ ਬਾਰੇ ਦੱਸਿਆ। ਉਨ੍ਹਾਂ ਦੀਆਂ ਕਹਾਣੀਆਂ ਪਿਲਸਨ, ਨਕਲੀ ਅਸਲੀ ਦੰਦ ਤੇ ਹੋਰ ਰੌਚਿਕ ਕਹਾਣੀਆਂ ਪੜ੍ਹਨ ਲਈ ਉਨ੍ਹਾਂ ਵਲੋਂ ਸੰਸਥਾ ਨੂੰ ਦਾਨ ਵਿਚ ਦਿੱਤੀਆਂ ਪੁਸਤਕਾਂ ਖਰੀਦ ਕੇ ਪੜ੍ਹਨ ਦਾ ਸੱਦਾ ਦਿੱਤਾ। ਸਾਰੀਆਂ ਕਿਤਾਬਾਂ ਤਿੰਨ ਮਿੰਟ ਵਿਚ ਖਰੀਦ ਲਈਆਂ ਗਈਆਂ। ਜੋਗਿੰਦਰ ਸਿੰਘ ਮਦਾਨ ਨੇ ਉਨ੍ਹਾਂ ਨਾਲ ਨਿੱਜੀ ਮਿੱਤਰਤਾ ਦੇ ਨਾਲ-ਨਾਲ ਉਸਦੇ ਚੰਗੇ ਕਲਾਕਾਰ ਤੇ ਖੂਬਸੂਰਤ ਲੇਖਕ ਹੋਣ ਬਾਰੇ ਦੱਸਿਆ।