12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਪੰਜਾਬੀ ’ਵਰਸਿਟੀ ਤੇ ‘ਚੱਕਰਾ ਸਟ੍ਰੈਟਜਿਕ ਫੋਰਮ’ ਦਰਮਿਆਨ ਹੋਇਆ ਇਕਰਾਰਨਾਮਾ

ਅਜੀਤ ਡੈਸਕ 24-07-2026
ਪਟਿਆਲਾ, 23 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਲੋਂ ਸੁਰੱਖਿਆ ਤੇ ਯੁੱਧ ਨੀਤੀ ਅਧਿਐਨ ਵਿਭਾਗ ਰਾਹੀਂ ‘ਚੱਕਰਾ ਸਟ੍ਰੈਟਜਿਕ ਫੋਰਮ’ ਨਾਲ਼ ਇਕ ਅਹਿਮ ਇਕਰਾਰਨਾਮਾ ਕੀਤਾ ਗਿਆ ਹੈ। ਇਸ ਮੌਕੇ ਰੱਖੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਇਹ ਇਕਰਾਰਨਾਮਾ ਵਿਦਿਆਰਥੀਆਂ, ਖੋਜਾਰਥੀਆਂ ਤੇ ਅਧਿਆਪਕਾਂ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਰਾਸ਼ਟਰੀ ਸੁਰੱਖਿਆ, ਰਣਨੀਤਕ ਅਧਿਐਨ ਤੇ ਯੁੱਧ ਨੀਤੀ ਵਰਗੇ ਅਹਿਮ ਵਿਸ਼ਿਆਂ ਬਾਰੇ ਗਹਿਰੀ ਸਮਝ ਪ੍ਰਾਪਤ ਕਰਨ ਲਈ ਇਕ ਵਧੀਆ ਮੰਚ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਾਂਝ ਨਾਲ਼ ਅਕਾਦਮਿਕ ਖੇਤਰ ਅਤੇ ਰਣਨੀਤਕ ਵਿਚਾਰਧਾਰਾ ਵਿਚਕਾਰ ਸੁਖਾਵਾਂ ਸੁਮੇਲ ਬਣੇਗਾ, ਜਿਸ ਨਾਲ ਖੋਜ ਕਾਰਜਾਂ ਨੂੰ ਨਵੀਂ ਦਿਸ਼ਾ ਮਿਲੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਵਿਸ਼ੇਸ਼ ਲੈਕਚਰ, ਵੈਬੀਨਾਰ, ਸੈਮੀਨਾਰ ਤੇ ਵਰਕਸ਼ਾਪਾਂ ਰਾਹੀਂ ਖੇਤਰ ਦੇ ਮਾਹਰਾਂ ਨਾਲ਼ ਸਿੱਧੀ ਗੱਲਬਾਤ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸੁਰੱਖਿਆ ਨਾਲ਼ ਜੁੜੇ ਭਵਿੱਖੀ ਮੁੱਦਿਆਂ ਤੇ ਚੁਣੌਤੀਆਂ ਨੂੰ ਸਮਝਣ ਲਈ ਅਜਿਹੇ ਅਕਾਦਮਿਕ ਸਮਝੌਤੇ ਬਹੁਤ ਜ਼ਰੂਰੀ ਹਨ। ਚੱਕਰਾ ਸਟ੍ਰੈਟਜਿਕ ਫੋਰਮ ਦੇ ਡਾਇਰੈਕਟਰ ਮੇਜਰ ਜਨਰਲ ਨੀਰਜ ਬਾਲੀ, ਐੱਸ. ਐਮ. (ਰਿਟਾ.) ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨਾਲ਼ ਕੀਤਾ ਗਿਆ ਇਹ ਇਕਰਾਰਨਾਮਾ ਅਕਾਦਮਿਕ ਖੇਤਰ ਅਤੇ ਰਣਨੀਤਕ ਵਿਚਾਰ ਪਲੇਟਫਾਰਮਾਂ ਵਿਚਕਾਰ ਦੀ ਦੂਰੀ ਨੂੰ ਮਿਟਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ। ਇਸ ਸਮਝੌਤੇ ਦੇ ਮੁੱਖ ਉਦੇਸ਼ਾਂ ‘ਤੇ ਚਾਨਣਾ ਪਾਉਂਦਿਆਂ, ਸੁਰੱਖਿਆ ਅਤੇ ਯੁੱਧ ਨੀਤੀ ਅਧਿਐਨ ਵਿਭਾਗ ਦੇ ਮੁਖੀ ਪ੍ਰੋ. ਕਮਲ ਕਿੰਗਰ ਨੇ ਦੱਸਿਆ ਕਿ ਇਹ ਸਾਂਝਦਾਰੀ ਸਾਂਝੇ ਸੈਮੀਨਾਰ, ਕਾਨਫਰੰਸਾਂ, ਵਰਕਸ਼ਾਪਾਂ, ਖੋਜ ਪ੍ਰਾਜੈਕਟਾਂ, ਪ੍ਰਕਾਸ਼ਨਾਂ ਤੇ ਸਮਰੱਥਾ ਨਿਰਮਾਣ ਦੇ ਉਪਰਾਲਿਆਂ ਨੂੰ ਉਤਸ਼ਾਹਿਤ ਕਰੇਗੀ। ਅੰਤ ਵਿਚ ਡਾਇਰੈਕਟਰ ਯੋਜਨਾ ਤੇ ਨਿਰੀਖਣ, ਪ੍ਰੋ. ਸੁਖਜੀਤ ਕੌਰ ਰਾਨਾਡੇ ਵਲੋਂ ਧੰਨਵਾਦ ਕੀਤਾ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਪ੍ਰੋ. ਦੇਵਿੰਦਰ ਪਾਲ ਸਿੰਘ, ਕਰਨਲ ਅਮਿਤ ਵਿਜ (ਰਿਟਾ.) ਤੇ ਕਰਨਲ ਪੰਨੂ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਸਨਾਤਨ ਯੁਵਾ ਸੰਘ ਵਲੋਂ ਸ਼ਿਆਮ ਬਾਬਾ ਦਾ ਵਿਸ਼ਾਲ ਜਾਗਰਣ ਸ਼ਰਧਾ ਨਾਲ ਸਮਾਪਤ ਅਗਲੀ ਖ਼ਬਰ ਵਕੀਲਾਂ ਦੀ ਹੜਤਾਲ ਲਗਾਤਾਰ 18ਵੇਂ ਦਿਨ ਜਾਰੀ ਰਹੀ-ਸਮਾਣਾ ਦੇ 6 ਵਕੀਲਾਂ ਕੀਤੀ ਭੁੱਖ ਹੜਤਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।