12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਮੁੱਖ ਮੰਤਰੀ ਸਿਹਤ ਯੋਜਨਾ ਦੇ 50.3 ਲੱਖ ਤੋਂ ਵੱਧ ਈ-ਸਿਹਤ ਕਾਰਡ ਜਾਰੀ-ਸਿਹਤ ਮੰਤਰੀ

ਅਜੀਤ ਡੈਸਕ 24-07-2026

ਪਟਿਆਲਾ, 23 ਜੁਲਾਈ (ਮਨਦੀਪ ਸਿੰਘ ਖਰੌੜ)-ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਰੰਭੀ ਯੂਨੀਵਰਸਲ ਹੈਲਥ ਸਕੀਮ ‘ਮੁੱਖ ਮੰਤਰੀ ਸਿਹਤ ਯੋਜਨਾ’ ਆਪਣੇ ਕੇਵਲ ਸਾਢੇ 6 ਮਹੀਨਿਆਂ ‘ਚ ਹੀ 5.12 ਲੱਖ ਲੋਕਾਂ ਨੂੰ 914 ਕਰੋੜ ਰੁਪਏ ਤੋਂ ਵੱਧ ਦਾ ਨਕਦ ਰਹਿਤ ਮੁਫ਼ਤ ਇਲਾਜ ਮੁਹੱਈਆ ਕਰਵਾਕੇ ਪੰਜਾਬੀਆਂ ਲਈ ਵਰਦਾਨ ਸਾਬਤ ਹੋਈ ਹੈ। ਡਾ. ਬਲਬੀਰ ਸਿੰਘ ਨੇ ਪ੍ਰੈੱਸ ਕਾਨਫਰੰਸ ਮੌਕੇ ਅੰਕੜੇ ਜਾਰੀ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੁਣ ਤੱਕ 50.3 ਲੱਖ ਤੋਂ ਵੱਧ ਈ-ਸਿਹਤ ਕਾਰਡ ਜਾਰੀ ਕੀਤੇ ਗਏ ਹਨ ਅਤੇ ਇਸ ਯੋਜਨਾ ਨੇ ਮਰੀਜ਼ਾਂ ਨੂੰ ਬਗੈਰ ਵਿੱਤੀ ਬੋਝ ਤੋਂ ਜੀਵਨ-ਰੱਖਿਅਕ ਤੇ ਮਹਿੰਗੇ ਇਲਾਜ ਪ੍ਰਾਪਤ ਕਰਨ ਦੇ ਯੋਗ ਬਣਾਇਆ ਹੈ। ਉਨ੍ਹਾਂ ਨੇ ਹਰੇਕ ਯੋਗ ਪਰਿਵਾਰ ਤੱਕ ਵਿੱਤੀ ਤੰਗੀ ਤੋਂ ਬਿਨਾਂ ਗੁਣਵੱਤਾ ਵਾਲੀ ਸਿਹਤ ਸੰਭਾਲ ਪਹੁੰਚ ਯਕੀਨੀ ਬਣਾਉਣ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ 733 ਮਰੀਜ਼ਾਂ ਦਾ ਕੈਂਸਰ ਦਾ ਇਲਾਜ ਹੋਇਆ ਤੇ ਲੋਕ ਆਪਣੇ ਖਰਾਬ ਹੋਏ ਗੋਡੇ ਬਦਲਵਾ ਰਹੇ ਹਨ, ਅੱਖਾਂ ਦੇ ਆਪ੍ਰੇਸ਼ਨ ਤੇ ਦਿਲ ਦਾ ਇਲਾਜ ਵੀ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਨੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚਕਾਰ ਮਜ਼ਬੂਤ ਭਾਈਵਾਲੀ ਜਾਹਰ ਕੀਤੀ ਹੈ ਅਤੇ ਸਰਕਾਰੀ ਹਸਪਤਾਲਾਂ ਨੇ 2,29,551 ਇਲਾਜ (45 ਫੀਸਦੀ) ਕੀਤੇ ਅਤੇ ਨਿੱਜੀ ਹਸਪਤਾਲਾਂ ਨੇ 2,83,089 ਇਲਾਜ (55 ਫ਼ੀਸਦੀ) ਇਲਾਜ ਪ੍ਰਦਾਨ ਕੀਤੇ। ਉਨ੍ਹਾਂ ਨੇ ਇਸ ਗੱਲ ਉਪਰ ਅਫ਼ਸੋਸ ਵੀ ਜ਼ਹਿਰ ਕੀਤਾ ਕਿ ਜਿੱਥੇ ਰਾਜ ਦੇ ਨਿੱਜੀ ਹਸਪਤਾਲ ਇੰਪੈਨਲ ਹੋ ਰਹੇ ਹਨ, ਉਥੇ ਕੇਂਦਰ ਸਰਕਾਰ ਵਲੋਂ ਪੀ. ਜੀ. ਆਈ. ਚੰਡੀਗੜ੍ਹ ਨੂੰ ਇਸ ਸਕੀਮ ਨਾਲ ਨਾ ਜੋੜਨਾਂ ਪੰਜਾਬੀਆਂ ਨਾਲ ਵਿਤਕਰਾ ਤੇ ਧੱਕਾ ਹੈ। ਡਾ. ਬਲਬੀਰ ਸਿੰਘ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਇਹ ਸਕੀਮ ਸ਼ੁਰੂ ਕਰਕੇ ਪੰਜਾਬੀਆਂ ਨੂੰ ਮਾਨਸਿਕ, ਆਰਥਿਕ ਤੇ ਕਰਜ਼ੇ ਦੇ ਦਬਾਅ ਤੋਂ ਬਚਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਪੰਜਾਬ ਭਰ ਵਿਚ 24,96,313 ਪਰਿਵਾਰ ਸ਼ਾਮਿਲ ਹਨ, ਇਨ੍ਹਾਂ ਵਿਚ ਕੁੱਲ ਲਾਭਪਾਤਰੀਆਂ ਵਿਚੋਂ 24.3 ਲੱਖ (48 ਫੀਸਦੀ) ਪੁਰਸ਼ ਹਨ, ਅਤੇ 26 ਲੱਖ (52 ਫੀਸਦੀ) ਔਰਤਾਂ ਹਨ, ਜੋ ਕਿ ਇਸ ਯੋਜਨਾ ਅਧੀਨ ਔਰਤਾਂ ਦੀ ਮਜ਼ਬੂਤ ਸ਼ਮੂਲੀਅਤ ਨੂੰ ਦਰਸਾਉਂਦਾ ਹੈ। ਇਨ੍ਹਾਂ ਵਿਚ 34.2 ਲੱਖ (68 ਫੀਸਦੀ) ਲਾਭਪਾਤਰੀ ਪੇਂਡੂ ਖੇਤਰਾਂ ਤੋਂ ਹਨ, ਜਦੋਂ ਕਿ 16.1 (32 ਫੀਸਦੀ) ਸ਼ਹਿਰੀ ਖੇਤਰਾਂ ਤੋਂ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ ਵੀ ਮੌਜੂਦ ਸਨ।

ਪਿਛਲੀ ਖ਼ਬਰ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ, ਸਰਕਾਰਾਂ ਮੇਜ਼ ’ਤੇ ਬੈਠ ਕੇ ਹੱਲ ਕਰਨ ਮਸਲੇ-ਪ੍ਰਨੀਤ ਕੌਰ ਅਗਲੀ ਖ਼ਬਰ ਪਟਿਆਲਾ ਦੇ ਖੰਡਾ ਚੌਕ ਵਿਖੇ ਯੂਥ ਕਾਂਗਰਸ ਨੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਫੂਕਿਆ ਪੁਤਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।