15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਇਫ਼ਕੋ ਵਲੋਂ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਲਈ ਵਿਸ਼ੇਸ਼ ਟਰੇਨਿੰਗ ਪ੍ਰੋਗਰਾਮ ਕਰਵਾਇਆ ਸਹਿਕਾਰੀ ਸਭਾ ਸਕੱਤਰ ਗੋਪਾਲ ਸਿੰਘ ਸਨੌਰ ਨੇ ਬੂਟੇ ਦੇ ਕੇ ਸਭ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 21-06-2026
ਸਨੌਰ, 20 ਜੂਨ (ਮੋਹਨ ਸਿੰਘ ਭੱਟੀ)-ਸੰਸਾਰ ਦੀ ਮੋਹਰੀ ਸਹਿਕਾਰੀ ਸੰਸਥਾ ਇੰਡੀਅਨ ਫਾਰਮਰਜ਼ ਫਰਟੀਲਾਈਜ਼ਰ ਕੋਆਪਰੇਟਿਵ ਲਿਮਟਿਡ ਵਲੋਂ ਜ਼ਿਲਾ ਪਟਿਆਲਾ ਦੀਆਂ ਸਹਿਕਾਰੀ ਸਭਾਵਾਂ (ਸੁਸਾਇਟੀਆਂ) ਦੇ ਚੁਣੇ ਹੋਏ ਅਗਾਂਹ ਵਧੂ ਅਤੇ ਬਿਹਤਰ ਕਾਰਗੁਜ਼ਾਰੀ ਦਿਖਾਉਣ ਵਾਲੇ ਸਕੱਤਰਾਂ ਲਈ ਇਕ ਵਿਸ਼ੇਸ਼ ਟਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਸਹਿਕਾਰੀ ਸਭਾਵਾਂ ਦੇ ਸਹਾਇਕ ਰਜਿਸਟਰਾਰ ਅਮਨਦੀਪ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਇਫ਼ਕੋ ਦੇ ਸਟੇਟ ਮੈਨੇਜਰ ਜੀਤ ਰਾਮ ਚੌਧਰੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਖਾਦਾਂ ਦੀ ਅੰਨੇਵਾਹ ਵਰਤੋਂ ਅਤੇ ਮਿੱਟੀ ਦੀ ਸਿਹਤ ’ਤੇ ਚਿੰਤ ਪ੍ਰਗਟ ਕਰਦਿਆਂ ਟਰੇਨਿੰਗ ਦੌਰਾਨ ਖੇਤੀ ਮਾਹਿਰਾਂ ਅਤੇ ਅਧਿਕਾਰੀਆਂ ਨੇ ਸਕੱਤਰਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਕਿਸਾਨਾਂ ਨੂੰ ਕੀੜੇਮਾਰ ਦਵਾਈਆਂ ਅਤੇ ਖਾਦਾਂ ਦੀ ਵਰਤੋਂ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਕਰਨ ਲਈ ਜਾਗਰੂਕ ਕਰਨ। ਮੀਟਿੰਗ ਦੌਰਾਨ ਰਸਾਇਣਿਕ ਖਾਦਾਂ ਦੀ ਬਹੁਤ ਜ਼ਿਆਦਾ ਅਤੇ ਗ਼ੈਰ-ਜ਼ਰੂਰੀ ਵਰਤੋਂ ਕਾਰਨ ਵਾਤਾਵਰਨ, ਪਾਣੀ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਹੋ ਰਹੇ ਵੱਡੇ ਨੁਕਸਾਨ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਇਸ ਮੌਕੇ ਇਫ਼ਕੋ ਵਲੋਂ ਵਾਤਾਵਰਨ ਪੱਖੀ ਨਵੀਂ ਨੈਨੋ-ਤਕਨਾਲੋਜੀ ’ਤੇ ਆਧਾਰਿਤ ਖਾਦਾਂ ਅਤੇ ਆਧੁਨਿਕ ਖੇਤੀ ਤਕਨੀਕਾਂ ਸੰਬੰਧੀ ਅਹਿਮ ਨੁਕਤੇ ਸਾਂਝੇ ਕੀਤੇ ਗਏ। ਇਸ ਮੌਕੇ ਜੀਤ ਰਾਮ ਚੌਧਰੀ ਸਟੇਟ ਮੈਨੇਜਰ, ਇਫ਼ਕੋ ਨੇ ਕਿਹਾ ਕਿ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਸਹੀ ਮਾਤਰਾ ਵਿਚ ਵਰਤੋਂ ਨਾਲ ਨਾ ਸਿਰਫ਼ ਕਿਸਾਨਾਂ ਦੀ ਲਾਗਤ ਘਟੇਗੀ, ਬਲਕਿ ਮਿੱਟੀ ਦੀ ਸਿਹਤ ਅਤੇ ਵਾਤਾਵਰਨ ਨੂੰ ਵੀ ਬਚਾਇਆ ਜਾ ਸਕੇਗਾ। ਸੁਸਾਇਟੀਆਂ ਦੇ ਸਕੱਤਰ ਕਿਸਾਨਾਂ ਤੱਕ ਇਹ ਸਹੀ ਜਾਣਕਾਰੀ ਪਹੁੰਚਾਉਣ ਵਿਚ ਰੀੜ ਦੀ ਹੱਡੀ ਹਨ। ਸਮਾਗਮ ਦੌਰਾਨ ਸਪੇਨ ਦੀ ਕੰਪਨੀ ਦੇ ਖੇਤੀ ਮਾਹਿਰ ਡਾਕਟਰ ਵਿਸ਼ਾਲ ਧੀਮਾਨ ਨੇ ਨਵੇਂ ਖੇਤੀ ਉਤਪਾਦਾਂ ਬਾਰੇ ਭਰਪੂਰ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਇਫ਼ਕੋ ਦੇ ਏਰੀਆ ਮੈਨੇਜਰ ਸੁਦੇਸ਼ ਕੁਮਾਰ ਗੌਤਮ ਨੇ ਹਾਜ਼ਰ ਸਕੱਤਰਾਂ ਨਾਲ ਖੁੱਲੇ ਵਿਚਾਰ ਵਟਾਂਦਰੇ ਕੀਤੇ ਅਤੇ ਉਨਾਂ ਦੀਆਂ ਸ਼ੰਕਾਵਾਂ ਦੂਰ ਕੀਤੀਆਂ। ਅਰਵਿੰਦ ਕੁਮਾਰ ਵਲੋਂ ਇਫ਼ਕੋ-ਐਮ.ਸੀ. ਦੀਆਂ ਸਮੂਹ ਕੀੜੇਮਾਰ ਅਤੇ ਨਦੀਨਨਾਸ਼ਕ ਦਵਾਈਆਂ ਦੀ ਵਿਗਿਆਨਕ ਵਰਤੋਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਇਸ ਦੌਰਾਨ ਸਟੇਜ ਸੰਚਾਲਨ ਦੀ ਭੂਮਿਕਾ ਸਰਦਾਰ ਨਵਜੋਤਪਾਲ ਸਿੰਘ ਵਲੋਂ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ ਗਈ। ਸਮਾਗਮ ਦੇ ਅਖੀਰ ਵਿਚ ਸਹਿਕਾਰੀ ਸਭਾ ਸਨੌਰ ਦੇ ਸਕੱਤਰ ਗੋਪਾਲ ਸਿੰਘ ਸਨੌਰ ਵਲੋਂ ਆਏ ਹੋਏ ਮੁੱਖ ਮਹਿਮਾਨਾਂ ਅਤੇ ਅਧਿਕਾਰੀਆਂ ਨੂੰ ਵਾਤਾਵਰਨ ਦੀ ਸ਼ੁੱਧਤਾ ਦੇ ਪ੍ਰਤੀਕ ਬੂਟੇ ਅਤੇ ਲੋਈ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟਰੇਨਿੰਗ ਪ੍ਰੋਗਰਾਮ ਵਿਚ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ ਖੇੜੀਬਰਨਾ, ਅਰਜਣ ਕੁਮਾਰ ਸ਼ੇਰਮਾਜਰਾ, ਪਰਗਟ ਸਿੰਘ ਸਵਾਈ ਸਿੰਘਵਾਲਾ, ਯਾਦਵਿੰਦਰ ਸਿੰਘ ਕਮਾਲਪੁਰ, ਜੁਗਰਾਜ ਸਿੰਘ ਗੱਜੂਮਾਜਰਾ, ਰਣਜੀਤ ਸਿੰਘ ਫੱਗਣਮਾਜਰਾ, ਰਜਿੰਦਰ ਸ਼ਰਮਾ, ਰਮਨਦੀਪ ਬਹਿਲ, ਹਰਵਿੰਦਰ ਸਿੰਘ ਫ਼ਤਿਹਪੁਰ ਅਤੇ ਜਗਸੀਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸਹਿਕਾਰੀ ਸਭਾਵਾਂ ਦੇ ਸਕੱਤਰ ਅਤੇ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਸੁਖਵਿੰਦਰਪਾਲ ਸਿੰਘ ਮਿੰਟਾ ਨੇ ਕੀਤੀ ਸੰਗਠਨ ਮੰਤਰੀ ਸ੍ਰੀ ਨਿਵਾਸਲੂ ਨਾਲ ਮੁਲਾਕਾਤ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ... ਅਗਲੀ ਖ਼ਬਰ ਗ੍ਰਾਮ ਪੰਚਾਇਤ ਨੇ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ-ਸਰਪੰਚ ਰੰਧਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।