27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪੰਜਾਬੀ ਯੂਨੀਵਰਸਿਟੀ ਵਲੋਂ ਫ਼ੀਸਾਂ ਅਤੇ ਰਿਜ਼ਰਵ ਫ਼ੰਡ 'ਚ ਵਾਧਾ ਨਿੱਜੀ ਕਾਲਜਾਂ ਤੇ ਵਿਦਿਆਰਥੀਆਂ ਉੱਪਰ ਵੱਡਾ ਹਮਲਾ- ਤਰਸੇਮ ਸੈਣੀ

ਪੰਜਾਬੀ ਯੂਨੀਵਰਸਿਟੀ ਵਲੋਂ ਫ਼ੀਸਾਂ ਅਤੇ ਰਿਜ਼ਰਵ ਫ਼ੰਡ 'ਚ ਕੀਤੇ ਵਾਧੇ ਦਾ ਵਿਰੋਧ ਕਰਦੇ ਹੋਏ ਐਸੋਸੀਏਸ਼ਨ ਆਫ਼ ਅਟੋਨਮਸ ਕਾਲਜਜ ਆਫ਼ ਪੰਜਾਬ ਦੇ ਸਰਪ੍ਰਸਤ ਅਤੇ ਪੁਡਕਾ ਦੇ ਬੁਲਾਰੇ ਤਰਸੇਮ ਸੈਣੀ | ਅਜੀਤ ਤਸਵੀਰ <br/> 15-06-2026
ਪਟਿਆਲਾ, 14 ਜੂਨ (ਗੁਰਵਿੰਦਰ ਸਿੰਘ ਔਲਖ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕਾਲਜਾਂ ਤੋਂ ਲਈਆਂ ਜਾਣ ਵਾਲੀਆਂ ਕੰਟੀਨਿਊਏਸਨ, ਅਫਿਲੀਏਸਨ, ਰਜਿਸਟਰੇਸ਼ਨ ਫ਼ੀਸਾਂ ਅਤੇ ਰਿਜ਼ਰਵ ਫ਼ੰਡ ਵਿਚ ਕੀਤੇ ਗਏ ਵਾਧੇ ਦਾ ਐਸੋਸੀਏਸ਼ਨ ਆਫ ਅਟੋਨਮਸ ਕਾਲਜਜ ਆਫ ਪੰਜਾਬ ਅਤੇ ਪੁਡਕਾ ਵਲੋਂ ਸਖ਼ਤ ਵਿਰੋਧ ਕੀਤਾ ਗਿਆ ਹੈ | ਐਸੋਸੀਏਸ਼ਨ ਦੇ ਸਰਪ੍ਰਸਤ ਤੇ ਪੁਡਕਾ ਦੇ ਬੁਲਾਰੇ ਤਰਸੇਮ ਸੈਣੀ ਨੇ ਇਸ ਫ਼ੈਸਲੇ ਨੂੰ ਨਿੱਜੀ ਕਾਲਜਾਂ ਅਤੇ ਵਿਦਿਆਰਥੀਆਂ ਉੱਪਰ ਵੱਡਾ ਵਿੱਤੀ ਹਮਲਾ ਕਰਾਰ ਦਿੰਦਿਆਂ ਪੰਜਾਬ ਸਰਕਾਰ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ | ਤਰਸੇਮ ਸੈਣੀ ਨੇ ਕਿਹਾ ਕਿ ਪਹਿਲਾਂ ਹੀ ਦਾਖ਼ਲਿਆਂ ਵਿਚ ਆਈ ਭਾਰੀ ਗਿਰਾਵਟ ਕਾਰਨ ਨਿੱਜੀ ਕਾਲਜ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ | ਅਜਿਹੇ ਸਮੇਂ ਵਿਚ ਯੂਨੀਵਰਸਿਟੀ ਵਲੋਂ ਫ਼ੀਸਾਂ ਅਤੇ ਹੋਰ ਵਿੱਤੀ ਬੋਝ ਵਿਚ ਕੀਤਾ ਗਿਆ ਬੇਤਹਾਸ਼ਾ ਵਾਧਾ ਉੱਚ ਸਿੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰਨ ਵਾਲਾ ਕਦਮ ਹੈ | ਉਨ੍ਹਾਂ ਕਿਹਾ ਕਿ ਇਸ ਨਾਲ ਉੱਚ ਸਿੱਖਿਆ ਆਮ ਵਿਦਿਆਰਥੀਆਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ | ਉਨ੍ਹਾਂ ਦੱਸਿਆ ਕਿ ਨਵੇਂ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਫ਼ੀਸ ਵਿਚ ਕਰੀਬ 80 ਫ਼ੀਸਦੀ ਵਾਧਾ ਕੀਤਾ ਗਿਆ ਹੈ, ਜਦੋਂਕਿ ਕਾਲਜਾਂ ਲਈ ਲਾਜ਼ਮੀ ਰਿਜ਼ਰਵ ਫ਼ੰਡ 20 ਲੱਖ ਰੁਪਏ ਤੋਂ ਵਧਾ ਕੇ 40 ਲੱਖ ਰੁਪਏ ਕਰ ਦਿੱਤਾ ਗਿਆ ਹੈ | ਇਸ ਤੋਂ ਇਲਾਵਾ ਰਿਜ਼ਰਵ ਫ਼ੰਡ ਦੀ ਐੱਫ.ਡੀ.ਆਰ. ਉੱਪਰ ਲਿਆ ਜਾਣ ਵਾਲਾ ਸਰਵਿਸ ਚਾਰਜ 3 ਫ਼ੀਸਦੀ ਤੋਂ ਵਧਾ ਕੇ 50 ਫ਼ੀਸਦੀ ਤੱਕ ਕਰ ਦਿੱਤਾ ਗਿਆ ਹੈ, ਜਿਸ ਨੂੰ ਉਨ੍ਹਾਂ ਕਰੋੜਾਂ ਰੁਪਏ ਦੀ ਨਾਜਾਇਜ਼ ਵਸੂਲੀ ਕਰਾਰ ਦਿੱਤਾ | ਸੈਣੀ ਨੇ ਦੋਸ਼ ਲਾਇਆ ਕਿ ਯੂਨੀਵਰਸਿਟੀ ਵਲੋਂ ਕਾਲਜਾਂ ਅਤੇ ਅਧਿਆਪਕਾਂ ਨੂੰ ਪ੍ਰੀਖਿਆ ਕੇਂਦਰਾਂ, ਪ੍ਰੀਖਿਆ ਡਿਊਟੀਆਂ ਅਤੇ ਮੁਲਾਂਕਣ ਕਾਰਜਾਂ ਦੇ ਕਰੋੜਾਂ ਰੁਪਏ ਅਜੇ ਤੱਕ ਅਦਾ ਨਹੀਂ ਕੀਤੇ ਗਏ | ਇਸ ਕਾਰਨ ਕਈ ਕਾਲਜਾਂ ਨੂੰ ਗੰਭੀਰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਟਾਫ਼ ਵਲੋਂ ਪ੍ਰੀਖਿਆ ਡਿਊਟੀਆਂ ਅਤੇ ਪੇਪਰ ਮੁਲਾਂਕਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ | ਉਨ੍ਹਾਂ ਐਲਾਨ ਕੀਤਾ ਕਿ ਕੋਈ ਵੀ ਕਾਲਜ ਵਧਾਈ ਗਈ ਐੱਫ.ਡੀ.ਆਰ. ਰਾਸ਼ੀ ਜਮ੍ਹਾਂ ਨਹੀਂ ਕਰਵਾਏਗਾ ਅਤੇ ਯੂਨੀਵਰਸਿਟੀ ਦੀ ਇਸ ਧੱਕੇਸ਼ਾਹੀ ਵਿਰੁੱਧ ਹਰ ਪੱਧਰ 'ਤੇ ਸੰਘਰਸ਼ ਕੀਤਾ ਜਾਵੇਗਾ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਹ ਫ਼ੈਸਲਾ ਤੁਰੰਤ ਵਾਪਸ ਨਾ ਲਿਆ ਗਿਆ ਤਾਂ ਸੂਬਾ ਪੱਧਰ 'ਤੇ ਤਿੱਖਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਯੂਨੀਵਰਸਿਟੀ ਪ੍ਰਸ਼ਾਸਨ ਦੀ ਹੋਵੇਗੀ |
ਪਿਛਲੀ ਖ਼ਬਰ ਸਿਹਤ ਮੰਤਰੀ ਦੀ ਕੋਠੀ ਦੇ ਬਾਹਰ ਧਰਨਾ ਦੇ ਰਹੀਆਂ ਕੋਰੋਨਾ ਯੋਧਿਆਂ ਦਾ ਸਾਮਾਨ ਚੋਰੀ ਅਗਲੀ ਖ਼ਬਰ ਹਲਕਾ ਸ਼ੁਤਰਾਣਾ 'ਚ ਭਿ੍ਸ਼ਟਾਚਾਰ ਅਤੇ ਗੁੰਡਾਗਰਦੀ ਸਹਿਣ ਨਹੀਂ ਕੀਤੀ ਜਾਵੇਗੀ-ਕਰਨ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।