01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਡਾ. ਬੀ.ਐੱਸ. ਸੰਧੂ ਸਕੂਲ ਦੇ ਖਿਡਾਰੀਆਂ ਦਾ ਕਮਾਲ, ਨੈਸ਼ਨਲ ਚੈਂਪੀਅਨਸ਼ਿਪ 'ਚ 31 ਤਗਮੇ ਅਤੇ ਓਵਰਆਲ ਟਰਾਫ਼ੀ ਜਿੱਤ ਕੇ ਵਧਾਇਆ ਸਕੂਲ ਦਾ ਮਾਣ

ਅਜੀਤ ਡੈਸਕ 03-06-2026
ਦੇਵੀਗੜ੍ਹ, 2 ਜੂਨ (ਰਾਜਿੰਦਰ ਸਿੰਘ ਮੌਜੀ)-ਡਾ. ਬੀ.ਐੱਸ. ਸੰਧੂ ਮੈਮੋਰੀਅਲ ਪਬਲਿਕ ਸਕੂਲ, ਜੁਲਾਹਖੇੜੀ ਦੇ ਹੋਣਹਾਰ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ 'ਤੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਉਂਦੇ ਹੋਏ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ, ਬਹਿਰ ਸਾਹਿਬ ਪਾਤੜਾਂ ਵਿਖੇ ਯੂਥ ਐਂਡ ਰੂਰਲ ਐਸੋਸੀਏਸ਼ਨ ਇੰਡੀਆ ਵਾਈ ਆਰ.ਐੱਸ.ਏ. ਵਲੋਂ ਕਰਵਾਈ ਗਈ ਨੈਸ਼ਨਲ ਚੈਂਪੀਅਨਸ਼ਿਪ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਟਰਾਫ਼ੀ ਅਤੇ 31 ਤਗਮੇ ਆਪਣੇ ਨਾਮ ਕੀਤੇ ਹਨ | ਇਸ ਰਾਸ਼ਟਰੀ ਪੱਧਰ ਦੀ ਚੈਂਪੀਅਨਸ਼ਿਪ ਵਿਚ ਦੇਸ ਦੇ ਵੱਖ-ਵੱਖ ਰਾਜਾਂ ਤੋਂ ਆਏ ਖਿਡਾਰੀਆਂ ਨਾਲ ਮੁਕਾਬਲਾ ਕਰਦਿਆਂ, ਸਕੂਲ ਦੇ ਵਿਦਿਆਰਥੀਆਂ ਨੇ ਕਰਾਟੇ, ਸ਼ਤਰੰਜ, ਐਥਲੈਟਿਕਸ, ਤਾਇਕਵਾਂਡੋ ਅਤੇ ਕਿੱਕ-ਬਾਕਸਿੰਗ ਵਰਗੀਆਂ ਖੇਡਾਂ ਵਿਚ ਸ਼ਾਨਦਾਰ ਤਕਨੀਕ ਦਾ ਪ੍ਰਦਰਸ਼ਨ ਕੀਤਾ | ਇਸ ਪ੍ਰਾਪਤੀ ਦੌਰਾਨ ਸਕੂਲ ਦੀ ਝੋਲੀ ਵਿਚ 15 ਸੋਨੇ ਦੇ ਤਗਮੇ, 11 ਚਾਂਦੀ ਅਤੇ 5 ਕਾਂਸੇ ਦੇ ਤਗਮੇ ਪਏ | ਜਿਸ ਸਦਕਾ ਸਕੂਲ ਨੇ 'ਓਵਰਆਲ ਟਰਾਫ਼ੀ' 'ਤੇ ਵੀ ਕਬਜਾ ਕੀਤਾ | ਸਕੂਲ ਪਹੁੰਚਣ 'ਤੇ ਜੇਤੂ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਹਰਦੀਪ ਸਿੰਘ ਸੰਧੂ ਅਤੇ ਮੈਨੇਜਿੰਗ ਡਾਇਰੈਕਟਰ ਰਜਿੰਦਰ ਕੌਰ ਸੰਧੂ ਨੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਪੂਰੇ ਖੇਤਰ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਸਕੂਲ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਅੱਗੇ ਵਧਣ ਲਈ ਹਰ ਸੰਭਵ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ, ਜਿਸ ਦਾ ਨਤੀਜਾ ਅੱਜ ਸਾਡੇ ਬੱਚਿਆਂ ਦੀਆਂ ਕੌਮੀ ਪੱਧਰ 'ਤੇ ਜਿੱਤਾਂ ਵਜੋਂ ਸਾਹਮਣੇ ਆ ਰਿਹਾ ਹੈ | ਇਸ ਮੌਕੇ ਪਿ੍ੰਸੀਪਲ ਤਰਨਦੀਪ ਕੌਰ ਅਰੋੜਾ ਨੇ ਇਸ ਸਫਲਤਾ ਲਈ ਸਪੋਰਟਸ ਇੰਚਾਰਜ ਅਵਤਾਰ ਸਿੰਘ ਅਤੇ ਜਸਵੰਤ ਸਿੰਘ ਦੀ ਅਗਵਾਈ ਅਤੇ ਵਿਦਿਆਰਥੀਆਂ ਦੀ ਦਿਨ-ਰਾਤ ਦੀ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਉਮੀਦ ਜਤਾਈ ਕਿ ਇਹ ਖਿਡਾਰੀ ਆਉਣ ਵਾਲੇ ਸਮੇਂ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਵੀ ਦੇਸ ਦਾ ਨਾਂਅ ਚਮਕਾਉਣਗੇ |
ਪਿਛਲੀ ਖ਼ਬਰ ਪਾਕਿਸਤਾਨ 'ਚ 6 ਨੂੰ ਮਨਾਈ ਜਾਵੇਗੀ ਘੱਲੂਘਾਰੇ ਦੇ ਸ਼ਹੀਦਾਂ ਦੀ ਬਰਸੀ ਅਗਲੀ ਖ਼ਬਰ ਸੜਕ ਹਾਦਸੇ 'ਚ ਗੰਭੀਰ ਜ਼ਖ਼ਮੀ ਦੀ ਇਲਾਜ ਦੌਰਾਨ ਮੌਤ, ਪਤਨੀ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।