ਰਾਜਪੁਰਾ, 2 ਜੂਨ (ਜੀ.ਪੀ. ਸਿੰਘ)-ਲੰਘੇ ਦਿਨੀਂ ਸਥਾਨਕ ਗਗਨ ਚੌਂਕ ਨੇੜੇ ਵਾਪਰੇ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਏ ਮੋਟਰਸਾਈਕਲ ਸਵਾਰ ਦੀ ਇਲਾਜ ਦੌਰਾਨ ਮੌਤ ਤੇ ਉਸ ਦੀ ਪਤਨੀ ਦੇ ਵੀ ਜ਼ਖ਼ਮੀ ਹੋ ਜਾਣ 'ਤੇ ਸ਼ਹਿਰੀ ਪੁਲਿਸ ਨੇ ਮੁਲਜ਼ਮ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਮੋਨਿਕਾ ਪਤਨੀ ਧਰਮਿੰਦਰ ਕੁਮਾਰ ਵਾਸੀ ਪਿੰਡ ਧਰਮਗੜ੍ਹ ਨੇ ਬਿਆਨ ਦਰਜ ਕਰਵਾਏ ਹਨ ਕਿ ਜਦੋਂ ਉਹ ਆਪਣੇ ਪਤੀ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਸਥਾਨਕ ਗਗਨ ਚੌਕ ਨੇੜੇ ਜਾ ਰਹੇ ਸਨ ਤਾਂ ਇਕ ਤੇਜ਼ ਰਫਤਾਰ ਕਾਰ ਨੇ ਉਹਨਾਂ ਦੇ ਮੋਟਰਸਾਈਕਲ ਦੇ ਵਿਚ ਟੱਕਰ ਮਾਰ ਦਿੱਤੀ | ਇਸ ਸੜਕ ਹਾਦਸੇ ਵਿਚ ਉਸ ਦੇ ਪਤੀ ਧਰਮਿੰਦਰ ਕੁਮਾਰ ਗੰਭੀਰ ਜ਼ਖ਼ਮੀ ਹੋ ਗਏ ਤੇ ਉਹਨਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਅਤੇ ਉਹ ਆਪ ਵੀ ਜ਼ਖ਼ਮੀ ਹੋ ਗਈ | ਥਾਣਾ ਸ਼ਹਿਰੀ ਦੀ ਪੁਲਿਸ ਨੇ ਕਾਰ ਚਾਲਕ ਹਰਦੀਪ ਕੁਮਾਰ ਵਾਸੀ ਮਹਾਂਵੀਰ ਮੰਦਰ ਰੋਡ ਰਾਜਪੁਰਾ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |