03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਡੀ.ਸੀ. ਦਫ਼ਤਰ ਅੱਗੇ ਕਿਸਾਨਾਂ ਦਾ ਵਿਸ਼ਾਲ ਧਰਨਾ

ਅਜੀਤ ਡੈਸਕ 03-06-2026
ਪਟਿਆਲਾ, 2 ਜੂਨ (ਗੁਰਵਿੰਦਰ ਸਿੰਘ ਔਲਖ)-ਸੰਯੁਕਤ ਕਿਸਾਨ ਮੋਰਚਾ ਵਲੋਂ ਅੱਜ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ | ਧਰਨੇ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ, ਖੇਤ ਮਜ਼ਦੂਰਾਂ, ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ | ਧਰਨਾਕਾਰੀਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਸਾਨੀ ਅਤੇ ਲੋਕ ਮਸਲਿਆਂ ਦਾ ਜਲਦ ਹੱਲ ਕਰਨ ਦੀ ਮੰਗ ਕੀਤੀ | ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਕਿਸਾਨ ਆਗੂ ਰਾਮਿੰਦਰ ਸਿੰਘ ਪਟਿਆਲਾ, ਕੁਲਵੰਤ ਸਿੰਘ ਮੌਲਵੀਵਾਲਾ ਅਤੇ ਹਰਭਜਨ ਸਿੰਘ ਬੁੱਟਰ ਨੇ ਕਿਹਾ ਕਿ ਸਰਕਾਰਾਂ ਵਲੋਂ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਕੀਤੇ ਵਾਅਦੇ ਲਗਾਤਾਰ ਅਣਡਿੱਠੇ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਵਧਦੀਆਂ ਤੇਲ ਕੀਮਤਾਂ, ਖੇਤੀ ਲਈ ਲੋੜੀਂਦੀਆਂ ਖਾਦਾਂ ਦੀ ਘਾਟ ਅਤੇ ਕਿਸਾਨੀ ਲਾਗਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਨੇ ਖੇਤੀ ਨੂੰ ਘਾਟੇ ਦਾ ਸੌਦਾ ਬਣਾ ਦਿੱਤਾ ਹੈ | ਆਗੂਆਂ ਨੇ ਭਾਖੜਾ ਬਿਆਸ ਪ੍ਰਬੰਧਨ ਬੋਰਡ 'ਚ ਪੰਜਾਬ ਦੀ ਮੈਂਬਰਸ਼ਿਪ ਬਹਾਲ ਕਰਨ, ਕਿਸਾਨਾਂ ਅਤੇ ਮਜ਼ਦੂਰਾਂ ਦੀ ਸਮੁੱਚੀ ਕਰਜ਼ਾ ਮੁਕਤੀ, ਫ਼ਸਲਾਂ ਲਈ ਐਮ.ਐਸ.ਪੀ. ਦੀ ਕਾਨੂੰਨੀ ਗਾਰੰਟੀ ਅਤੇ ਬਿਜਲੀ ਤੇ ਬੀਜ ਸੰਬੰਧੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਵੀ ਦੁਹਰਾਈ | ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਡਿਪਟੀ ਕਮਿਸ਼ਨਰ ਵਲੋਂ ਮੰਗ ਪੱਤਰ ਪ੍ਰਾਪਤ ਕਰਨ ਲਈ ਖ਼ੁਦ ਨਾ ਆਉਣ ਅਤੇ ਲੰਮੇ ਸਮੇਂ ਤੋਂ ਲਟਕ ਰਹੇ ਜ਼ਿਲ੍ਹਾ ਪੱਧਰੀ ਮਸਲਿਆਂ ਸੰਬੰਧੀ ਮੀਟਿੰਗ ਲਈ ਸਮਾਂ ਨਾ ਦੇਣ ਕਾਰਨ ਰੋਸ ਹੋਰ ਵਧ ਗਿਆ | ਇਸ ਦੇ ਵਿਰੋਧ ਵਜੋਂ ਕਿਸਾਨਾਂ ਨੇ ਡੀ.ਸੀ. ਦਫ਼ਤਰ ਦਾ ਘਿਰਾਓ ਕਰਦਿਆਂ ਸੈਕਟਰੀਏਟ ਰੋਡ ਉੱਪਰ ਆਵਾਜਾਈ ਠੱਪ ਕਰ ਦਿੱਤੀ | ਮੋਰਚੇ ਦੇ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਏ.ਡੀ.ਸੀ. ਰਾਹੀਂ ਮੰਗ ਪੱਤਰ ਲੈਣ ਦੀ ਕੋਸ਼ਿਸ਼ ਨੂੰ ਕਿਸਾਨਾਂ ਨੇ ਸਵੀਕਾਰ ਨਹੀਂ ਕੀਤਾ ਅਤੇ ਡਿਪਟੀ ਕਮਿਸ਼ਨਰ ਨਾਲ ਸਿੱਧੀ ਗੱਲਬਾਤ ਦੀ ਮੰਗ ਕੀਤੀ | ਕਰੀਬ ਦੋ ਘੰਟੇ ਤੱਕ ਚੱਲੇ ਘਿਰਾਓ ਅਤੇ ਸੜਕ ਜਾਮ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਅਤੇ ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ ਪ੍ਰਾਪਤ ਕੀਤਾ | ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਥਾਨਕ ਮੰਗਾਂ ਦੇ ਹੱਲ ਲਈ 8 ਅਤੇ 9 ਜੂਨ ਨੂੰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਪੈਨਲ ਮੀਟਿੰਗਾਂ ਕਰਨ ਦਾ ਭਰੋਸਾ ਦਿੱਤਾ ਗਿਆ | ਇਸ ਸਬੰਧੀ ਐਸ.ਡੀ.ਐਮ. ਵਲੋਂ ਧਰਨੇ ਵਾਲੀ ਥਾਂ ਪਹੁੰਚ ਕੇ ਐਲਾਨ ਕੀਤਾ ਗਿਆ, ਜਿਸ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ | ਇਸ ਮੌਕੇ ਬੂਟਾ ਸਿੰਘ ਸ਼ਾਦੀਪੁਰ, ਹਰਬੰਸ ਸਿੰਘ ਦਦਹੇੜਾ, ਦਰਸ਼ਨ ਸਿੰਘ ਬੇਲੂਮਾਜਰਾ, ਅਵਤਾਰ ਸਿੰਘ ਕੌਰਜੀਵਾਲਾ, ਜਗਮੇਲ ਸਿੰਘ ਸੁਧੇਵਾਲ, ਪਵਨ ਸ਼ੋਗਲਪੁਰ, ਰਮੇਸ਼ ਆਜ਼ਾਦ, ਜਗਪਾਲ ਊਧਾ, ਜਸਬੀਰ ਸਿੰਘ ਖੇੜੀ, ਨਰਿੰਦਰ ਸਿੰਘ ਲੇਹਲਾਂ, ਦਵਿੰਦਰ ਸਿੰਘ ਪੂਨੀਆ, ਬਲਰਾਜ ਜੋਸ਼ੀ, ਚਰਨਜੀਤ ਕੌਰ ਧੂਹੜੀਆਂ, ਸੁਖਮਿੰਦਰ ਸਿੰਘ ਬਾਰਨ ਅਤੇ ਹੋਰ ਆਗੂ ਹਾਜ਼ਰ ਸਨ¢
ਪਿਛਲੀ ਖ਼ਬਰ 'ਆਪ' ਆਗੂ ਰੋਜ਼ੀ ਨਾਗਪਾਲ ਨੇ ਭਰੇ ਗਏ ਸਰਕਾਰੀ ਸਕੀਮਾਂ ਦੇ ਫਾਰਮ ਅਗਲੀ ਖ਼ਬਰ ਕੋਰਟ 'ਚ ਚੱਲ ਰਹੇ ਜ਼ਮੀਨੀ ਵਿਵਾਦ ਦੌਰਾਨ ਭਿੜੀਆਂ ਦੋ ਧਿਰਾਂ, ਦੋਵੇਂ ਪੱਖਾਂ ਦੇ ਲੋਕ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।