01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸਵਰਗੀ ਕੈਪਟਨ ਕੰਵਲਜੀਤ ਸਿੰਘ ਦੀ 17ਵੀਂ ਬਰਸੀ ਮੌਕੇ ਹੋਇਆ ਸਮਾਗਮ ਵੱਡੀ ਗਿਣਤੀ ਵਿਚ ਟਕਸਾਲੀ ਅਕਾਲੀ ਵਰਕਰਾਂ ਨੇ ਕੀਤੀ ਸ਼ਿਰਕਤ

ਖਾਸਪੁਰ ਵਿਖੇ ਕੈਪਟਨ ਕੰਵਲਜੀਤ ਸਿੰਘ ਦੇ 17ਵੀਂ ਬਰਸੀ ਸਮਾਗਮ ਵਿਚ ਸ਼ਿਰਕਤ ਕਰਦੇ ਹੋਈ ਮਨਪ੍ਰੀਤ ਕੌਰ ਡੌਲੀ ਅਤੇ ਹੋਰ | ਅਜੀਤ ਤਸਵੀਰ <br/> 30-03-2026
ਬਨੂੜ, 29 ਮਾਰਚ (ਭੁਪਿੰਦਰ ਸਿੰਘ)-ਸਾਬਕਾ ਅਕਾਲੀ ਮੰਤਰੀ ਮਰਹੂਮ ਕੈਪਟਨ ਕੰਵਲਜੀਤ ਸਿੰਘ ਦੀ 17ਵੀਂ ਬਰਸੀ ਮੌਕੇ ਅੱਜ ਬਨੂੜ ਨੇੜਲੇ ਪਿੰਡ ਖਾਸਪੁਰ ਵਿਖੇ ਬਰਸੀ ਸਮਾਗਮ ਆਯੋਜਿਤ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਪੁਰਾਣੇ ਟਕਸਾਲੀ ਅਕਾਲੀ ਵਰਕਰਾਂ ਅਤੇ ਇਲਾਕਾ ਵਾਸੀਆਂ ਨੇ ਸ਼ਮੂਲੀਅਤ ਕੀਤੀ | ਸਮਾਗਮ ਵਿਚ ਸਵਰਗੀ ਕੈਪਟਨ ਕੰਵਲਜੀਤ ਸਿੰਘ ਦੀ ਧੀ ਮਨਪ੍ਰੀਤ ਕੌਰ ਡੌਲੀ ਅਤੇ ਉਨ੍ਹਾਂ ਦੀ ਦੋਹਤੀ ਸਮਾਇਆ ਢਿੱਲੋਂ ਨੇ ਵੀ ਸ਼ਿਰਕਤ ਕੀਤੀ | ਇਸ ਮੌਕੇ ਸਮੁੱਚੇ ਬੁਲਾਰਿਆਂ ਨੇ ਸਵਰਗੀ ਕੈਪਟਨ ਕੰਵਲਜੀਤ ਸਿੰਘ ਵਲੋਂ ਬਨੂੜ, ਡੇਰਾਬਸੀ ਅਤੇ ਪੰਜਾਬ ਦੇ ਵਿਕਾਸ ਵਿਚ ਪਾਏ ਯੋਗਦਾਨ ਦੀ ਚਰਚਾ ਕੀਤੀ | ਉਨ੍ਹਾਂ ਵਿਚ ਨੌਜਵਾਨਾਂ ਨੂੰ ਦਿੱਤੇ ਗਏ ਰੋਜ਼ਗਾਰ ਅਤੇ ਅਕਾਲੀ ਦਲ ਦੀ ਮਜ਼ਬੂਤੀ ਲਈ ਕੀਤੇ ਕਾਰਜਾਂ ਨੂੰ ਚੇਤੇ ਕੀਤਾ |
ਇਸ ਮੌਕੇ ਬੋਲਦਿਆਂ ਜਥੇਦਾਰ ਪ੍ਰੀਤਮ ਸਿੰਘ ਖ਼ਾਨਪੁਰ, ਜਸਬੀਰ ਸਿੰਘ ਜੱਸੀ, ਗੁਲਸ਼ਨ ਕੌਰ ਮਠਿਆਡਾਂ ਨੇ ਕਿਹਾ ਕਿ ਕੈਪਟਨ ਕੰਵਲਜੀਤ ਸਿੰਘ ਦੀ ਬੇਵਕਤੀ ਮੌਤ ਤੋਂ ਬਾਅਦ ਬਨੂੜ ਅਤੇ ਡੇਰਾਬਸੀ ਇਲਾਕੇ ਨੂੰ ਉਨ੍ਹਾਂ ਦੇ ਕੱਦ ਦਾ ਅੱਜ ਤੱਕ ਰਾਜਸੀ ਲੀਡਰ ਨਹੀਂ ਮਿਲਿਆ | ਉਨ੍ਹਾਂ ਕਿਹਾ ਕਿ ਅਕਾਲੀ ਵਰਕਰਾਂ ਨੂੰ ਜਿਹੜਾ ਪਿਆਰ ਅਤੇ ਅਪਣੱਤ ਸਵਰਗੀ ਕੈਪਟਨ ਕੰਵਲਜੀਤ ਸਿੰਘ ਸਮੇਂ ਮਿਲਦੀ ਸੀ, ਉਹ ਦੁਬਾਰਾ ਕਦੇ ਨਹੀਂ ਮਿਲੀ | ਉਨ੍ਹਾਂ ਕਿਹਾ ਕਿ ਅੱਜ ਵੀ ਪੂਰੇ ਪੰਜਾਬ ਵਿਚ ਉਨ੍ਹਾਂ ਨਾਲ ਕੰਮ ਕਰਨ ਵਾਲੇ ਟਕਸਾਲੀ ਅਕਾਲੀ ਵਰਕਰ ਅਤੇ ਆਗੂ ਅੱਜ ਵੀ ਉਨ੍ਹਾਂ ਦੀ ਘਾਟ ਨਾਲ ਖ਼ਲਾਅ ਮਹਿਸੂਸ ਕਰਦੇ ਹਨ | ਇਸ ਮੌਕੇ ਬੁਲਾਰਿਆਂ ਨੇ ਕੈਪਟਨ ਪਰਿਵਾਰ ਹਮੇਸ਼ਾ ਜੁੜੇ ਰਹਿਣ ਦਾ ਅਹਿਦ ਲਿਆ | ਇਕੱਠ ਨੂੰ ਸੰਬੋਧਨ ਕਰਦਿਆਂ ਬੇਹੱਦ ਭਾਵੁਕ ਤਕਰੀਰ ਵਿਚ ਕੈਪਟਨ ਦੀ ਧੀ ਮਨਪ੍ਰੀਤ ਕੌਰ ਡੌਲੀ ਨੇ ਆਪਣੇ ਪਿਤਾ ਨਾਲ ਜੁੜੀਆਂ ਯਾਦਾਂ ਤਾਜ਼ਾ ਕੀਤੀਆਂ | ਉਨ੍ਹਾਂ ਕਿਹਾ ਕਿ ਅਕਾਲੀ ਦਲ, ਪੰਜਾਬ, ਡੇਰਾਬਸੀ ਹਲਕੇ ਦੇ ਨਾਲ-ਨਾਲ ਪਰਿਵਾਰ ਨੂੰ ਉਨ੍ਹਾਂ ਦੀ ਹਮੇਸ਼ਾ ਘਾਟ ਰੜਕਦੀ ਰਹੇਗੀ | ਉਨ੍ਹਾਂ ਪਿੰਡਾਂ ਦੇ ਵਸਨੀਕਾਂ ਵਲੋਂ ਸ਼ਰਧਾਂਜਲੀ ਸਮਾਰੋਹ ਕਰਵਾ ਕੇ ਉਨ੍ਹਾਂ ਦੇ ਪਿਤਾ ਨੂੰ ਚੇਤੇ ਕਰਨ ਲਈ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਕੁਲਵਿੰਦਰ ਸਿੰਘ ਖਾਸਪੁਰ, ਜਸਬੀਰ ਸਿੰਘ ਪਾਤੜਾਂ, ਗੁਰਮੀਤ ਸਿੰਘ ਨੰਡਿਆਲੀ, ਬਲਦੇਵ ਸਿੰਘ ਅਬਰਾਵਾਂ, ਬਹਾਦਰ ਸਿੰਘ ਬਡੀ, ਰਣਧੀਰ ਸਿੰਘ ਬਡੀ, ਸਤਨਾਮ ਸਿੰਘ ਖਲੌਰ, ਹਰਵਿੰਦਰ ਸਿੰਘ ਬਨੂੜ, ਤਲਵਿੰਦਰ ਸਿੰਘ ਜੰਗਪੁਰਾ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੀ ਸੰਗਤਾਂ ਅਤੇ ਰਾਜਸੀ ਸ਼ਖ਼ਸੀਅਤਾਂ ਮੌਜੂਦ ਸਨ | ਇਸ ਮੌਕੇ ਮਨਪ੍ਰੀਤ ਕੌਰ ਡੌਲੀ ਨੂੰ ਸਨਮਾਨਿਤ ਵੀ ਕੀਤਾ ਗਿਆ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਨਾਭਾ ਰੈਲੀ ਹੋਵੇਗੀ ਇਤਿਹਾਸਕ-ਸਾਬਕਾ ਚੇਅਰਮੈਨ ਬੀਬੀ ਰਾਮਗੜ੍ਹ ਅਗਲੀ ਖ਼ਬਰ 34 ਲੱਖ ਤੋਂ ਵਧ ਠੱਗੀ ਮਾਰਨ ਵਾਲੇ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।