ਪਟਿਆਲਾ, 26 ਮਾਰਚ (ਅ.ਸ. ਆਹਲੂਵਾਲੀਆ)-ਉੱਤਰੀ ਖੇਤਰ ਸਭਿਆਚਾਰਕ ਕੇਂਦਰ ਪਟਿਆਲਾ ਵਲੋਂ ਸ਼ਹੀਦੀ ਦਿਵਸ ਮੌਕੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਦਿੱਤੀਆਂ ਗਈਆਂ ਕੁਰਬਾਨੀਆਂ, ਸ਼ਹਾਦਤ ਅਤੇ ਉਨ੍ਹਾਂ ਦੇ ਲਿਖਤੀ ਵਿਚਾਰਾਂ ਬਾਰੇ ਇਕ ਸ਼ਾਨਦਾਰ ਪ੍ਰੋਗਰਾਮ ਢਾਡੀ ਗਾਇਨ ਵਾਰਾਂ ਦੇ ਰੂਪ ਸਫਲ ਸਮਾਗਮ ਸਭਿਆਚਾਰ ਕੇਂਦਰ ਦੇ ਡਾਇਰੈਕਟਰ ਐਮ ਫੁਰਕਾਨ ਖਾਨ ਦੀ ਅਗਵਾਈ ਹੇਠ ਵਿਰਸਾ ਵਿਹਾਰ ਕੇਂਦਰ ਪਟਿਆਲਾ ਵਿਖੇ ਕਰਵਾਇਆ ਗਿਆ | ਜਿਸ ਵਿਚ ਪ੍ਰਸਿੱਧ ਢਾਡੀ ਗਾਇਨ ਪੇਸ਼ ਕਰਨ ਵਾਲੇ ਮੰਡੇਰ ਭਰਾਵਾਂ ਦੀ ਟੀਮ ਵਲੋਂ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ ਗਈਆਂ | ਉਨ੍ਹਾਂ ਦੀ ਪੇਸ਼ਕਾਰੀਆਂ 'ਚ ਸਭਿਆਚਾਰਕ ਵਿਰਾਸਤ ਅਤੇ ਸੰਗੀਤ ਰਾਹੀਂ ਸ਼ਹੀਦ ਭਗਤ ਸਿੰਘ ਦੀ ਗਾਥਾ ਨੂੰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ | ਜਿਸ ਨਾਲ ਸਾਰਾ ਪੰਡਾਲ ਮੰਤਰ ਮੁਗਧ ਹੋ ਗਿਆ ਅਤੇ ਸੱਚਮੁੱਚ ਹੀ ਉਨ੍ਹਾਂ ਵਲੋਂ ਗਾਏ ਗਏ ਗਾਇਨ ਅਤੇ ਉਨ੍ਹਾਂ ਦੇ ਸਾਜਾਂ ਜਿਵੇਂ ਦੋ ਤਾਰਾ, ਅਲਗੋਜ਼ਾ, ਤੂੰਬੀ ਅਤੇ ਤਬਲੇ ਦੀ ਥਾਪ 'ਤੇ ਇਕ ਨਰੋਇਆ ਸਭਿਆਚਾਰਕ ਵਿਰਾਸਤ ਦਾ ਨਜ਼ਾਰਾ ਪੇਸ਼ ਕੀਤਾ ਗਿਆ | ਇਨ੍ਹਾਂ ਕਲਾਕਾਰਾਂ ਦੀ ਟੀਮ 'ਚ ਜਸਵੰਤ ਸਿੰਘ ਮੰਡੇਰ, ਨਵਕੰਵਰ ਸਿੰਘ ਮੰਡੇਰ ਅਜਮੇਰ ਸਮਰਾ ਅਤੇ ਪੁਸ਼ਪਿੰਦਰ ਕੁਮਾਰ ਸ਼ਾਮਿਲ ਸਨ | ਇਸੇ ਮੌਕੇ ਹੀ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਉਨ੍ਹਾਂ ਦੀ ਸ਼ਹਾਦਤ ਬਾਰੇ ਬੁਲਾਏ ਗਏ ਵਿਦਵਾਨਾਂ ਅਨੂਪਇੰਦਰ ਸਿੰਘ, ਲਾਲੀ ਮੁਲਤਾਨੀ ਅਤੇ ਜਸਵੰਤ ਸਿੰਘ ਪੂਨੀਆ ਨੇ ਵੀ ਭਗਤ ਸਿੰਘ ਦੀ ਸੋਸਲੀਜਮ ਤੇ ਮਾਰਕਵਾਦ ਰਾਹੀਂ ਸਮਾਜ ਬਦਲਣ ਅਤੇ ਇਨਕਲਾਬ ਰਾਹੀ ਨੌਜਵਾਨਾਂ ਨੂੰ ਜਥੇਬੰਦਕ ਹੋ ਕੇ ਲੜਾਈ ਲੜਨ ਲਈ ਪ੍ਰੇਰਨ ਵਾਸਤੇ ਵਿਸ਼ੇਸ਼ ਚਰਚਾ ਕੀਤੀ | ਇਸ ਮੌਕੇ ਸਮਾਗਮ 'ਚ ਸ਼ਾਮਿਲ ਮੁੱਖ ਸਤਿਕਾਰ ਮਹਿਮਾਨਾਂ 'ਚ ਜੋਗਿੰਦਰ ਸਿੰਘ ਜਿੰਦੂ, ਐਡਵੋਕੇਟ ਡਾ. ਧਰਮਪਾਲ ਗਰਗ, ਰਜਿਸਟਰਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਆਰ.ਐੱਸ.ਐੱਸ. ਦੇ ਮੁੱਖ ਪ੍ਰਚਾਰਕ ਸ਼ਾਮ ਵੀਰ ਸ਼ਾਮਿਲ ਸਨ | ਜਿਨ੍ਹਾਂ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਸਭਿਆਚਾਰਕ ਕੇਂਦਰ ਦੇ ਡਾਇਰੈਕਟਰ ਐਮ ਫੁਰਕਾਨ ਖਾਨ ਨੂੰ ਵਧਾਈ ਦਿੱਤੀ ਤੇ ਨਾਲ ਹੀ ਕਲਾਕਾਰਾਂ ਵਲੋਂ ਪੇਸ਼ ਕੀਤੇ ਗਏ ਪ੍ਰੋਗਰਾਮ ਲਈ ਵੀ ਉਨ੍ਹਾਂ ਦੀ ਖੂਬ ਸ਼ਲਾਘਾ ਕੀਤੀ ਅਤੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸਮਾਗਮ ਦੀ ਮੰਚ ਸੰਚਾਲਨਾ ਪੰਜਾਬੀ ਫ਼ਿਲਮਾਂ, ਸੀਰੀਅਲ ਅਤੇ ਰੰਗਮੰਚ ਦੇ ਕਲਾਕਾਰ ਸੁਰਿੰਦਰਜੀਤ ਪਾਠ ਨੇ ਬਾਖ਼ੂਬੀ ਨਿਭਾਈ |