ਪਟਿਆਲਾ, 26 ਮਾਰਚ (ਅ.ਸ. ਆਹਲੂਵਾਲੀਆ)-ਪਟਿਆਲਾ ਦੇ ਸ੍ਰੀ ਕਾਲੀ ਦੇਵੀ ਮੰਦਿਰ ਵਿਖੇ ਚੱਲ ਰਹੇ ਚੇਤ ਦੇ ਨਵਰਾਤਰਿਆਂ ਦੌਰਾਨ ਸੱਤਵੇਂ ਨਰਾਤੇ ਤੱਕ ਕਰੀਬ ਚਾਰ ਲੱਖ ਸ਼ਰਧਾਲੂਆਂ ਨੇ ਮਾਤਾ ਰਾਣੀ ਦੇ ਦਰਸ਼ਨ ਕੀਤੇ ਹਨ | ਸ਼ਰਧਾਲੂਆਂ ਨੇ ਦੱਸਿਆ ਕਿ ਮੰਦਿਰ 'ਚ ਤਿੰਨ ਸਮੇਂ ਦਾ ਲੰਗਰ ਵਰਤਾਇਆ ਜਾਂਦਾ ਹੈ | ਆਪਣੇ ਪਰਿਵਾਰ ਸਮੇਤ ਮੰਦਿਰ ਪੁੱਜੇ ਸ਼ਰਧਾਲੂਆਂ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਮੰਦਿਰ ਆ ਰਹੇ ਹਨ ਪਰੰਤੂ ਇਸ ਵਾਰ ਦੇ ਪ੍ਰਬੰਧਾਂ ਦੀ ਸੱਚਮੁੱਚ ਸ਼ਲਾਘਾ ਕਰਨੀ ਬਣਦੀ ਹੈ | ਇਸੇ ਦੌਰਾਨ ਸਲਾਹਕਾਰੀ ਮੈਨੇਜਿੰਗ ਕਮੇਟੀ ਦੇ ਮੈਂਬਰ ਅਜੇ ਅਲੀਪੁਰੀਆ, ਸੰਜੇ ਸਿੰਗਲਾ ਤੇ ਡਾ. ਰਾਜਨ ਗੁਪਤਾ ਨੇ ਦੱਸਿਆ ਕਿ ਮੰਦਿਰ 'ਚ ਸ਼ਰਧਾਲੂਆਂ ਵਲੋਂ ਦਰਸ਼ਨ ਕਰਨ ਲਈ ਲਾਈਨਾਂ, ਧਾਰਮਿਕ ਭਜਨ, ਹਵਨ, ਸੁਰੱਖਿਆ, ਲੰਗਰ, ਵੀਲ੍ਹਚੇਅਰ, 2 ਹੈਲਪ ਡੈਸਕ, ਸਾਫ਼-ਸਫ਼ਾਈ, ਸ਼ਰਧਾਲੂਆਂ ਲਈ ਲੋੜੀਂਦੀ ਜਾਣਕਾਰੀ ਦੀ ਅਨਾਊਾਸਮੈਂਟ, ਮੈਡੀਕਲ ਟੀਮ, ਲੋੜਵੰਦ ਸ਼ਰਧਾਲੂਆਂ ਲਈ ਵੀਲ੍ਹਚੇਅਰ ਦੇ ਵੀ ਪ੍ਰਬੰਧ ਹਨ | ਉਨ੍ਹਾਂ ਦੱਸਿਆ ਕਿ ਮੰਦਿਰ 'ਚ ਸੇਵਾਦਾਰ ਤੋਂ ਬਿਨਾਂ ਮੰਦਿਰ ਦੀ ਬਾਹਰੀ ਸੁਰੱਖਿਆ ਲਈ ਪਟਿਆਲਾ ਪੁਲਿਸ ਤੇ ਸੀ.ਆਰ.ਪੀ.ਐਫ਼ ਦੇ ਜਵਾਨ ਵੀ ਤਾਇਨਾਤ ਹਨ ਤੇ ਮੰਦਿਰ ਦੇ ਹਰ ਕੋਨੇ 'ਚ ਪੁਰਸ਼ ਤੇ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਵਿਸ਼ੇਸ਼ ਤਾਇਨਾਤੀ ਕੀਤੀ ਗਈ ਹੈ |