19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਪੰਜਾਬੀ 'ਵਰਸਿਟੀ ਵਿਖੇ '12ਵਾਂ ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ' ਸਮਾਪਤ

ਅਜੀਤ ਡੈਸਕ 27-03-2026
ਪਟਿਆਲਾ, 26 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਚੇਅਰ ਵਲੋਂ ਉਪ-ਕੁਲਪਤੀ ਡਾ. ਜਗਦੀਪ ਸਿੰਘ ਦੀ ਅਗਵਾਈ ਵਿਚ ਕਰਵਾਇਆ ਗਿਆ '12ਵਾਂ ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ' ਸਫਲਤਾਪੂਰਵਕ ਸੰਪੰਨ ਹੋ ਗਿਆ ਹੈ | ਇਹ ਸਮਾਗਮ ਯੂਨੀਵਰਸਿਟੀ ਦੇ ਸੰਗੀਤ ਵਿਭਾਗ, ਗੁਰਮਤਿ ਸੰਗੀਤ ਵਿਭਾਗ ਅਤੇ ਗੁਰਮਤਿ ਗਿਆਨ ਆਨਲਾਈਨ ਸਟੱਡੀ ਸੈਂਟਰ ਦੇ ਸਹਿਯੋਗ ਨਾਲ ਨੇਪਰੇ ਚੜਿ੍ਹਆ | ਸੰਮੇਲਨ ਦਾ ਅੰਤਿਮ ਦਿਨ ਪਟਿਆਲਾ ਦੇ ਦਿੱਗਜ ਸੰਗੀਤਕਾਰ ਪਿ੍ੰਸੀ. ਸ਼ਮਸ਼ੇਰ ਸਿੰਘ ਕਰੀਰ ਨੂੰ ਸਮਰਪਿਤ ਰਿਹਾ | ਫ਼ਰੀਦਕੋਟ ਤੋਂ ਆਏ ਮਾਧਵ ਅਰੋੜਾ ਵੱਲੋਂ ਰਾਗ ਜੋਗ ਵਿਚ ਕੀਤੇ ਸ਼ਾਸਤਰੀ ਗਾਇਨ ਉਪਰੰਤ ਜਲੰਧਰ ਤੋਂ ਆਲ ਇੰਡੀਆ ਰੇਡੀਓ ਦੇ ਟੌਪ ਗਰੇਡ ਕਲਾਕਾਰ ਉਸਤਾਦ ਸ਼ਮਿੰਦਰਪਾਲ ਸਿੰਘ ਅਤੇ ਉਨ੍ਹਾਂ ਦੀ ਪੁੱਤਰੀ ਪਰਮਿੰਦਰ ਕੌਰ ਨੇ ਸਾਰੰਗੀ 'ਤੇ ਰਾਗ ਮੀਆਂ ਕੀ ਤੋੜੀ ਜੁਗਲਬੰਦੀ ਰਾਹੀਂ ਪੇਸ਼ ਕੀਤਾ | ਪੰਜਾਬ ਪਬਲਿਕ ਸਕੂਲ ਨਾਭਾ ਦੇ ਸੰਗੀਤ ਅਧਿਆਪਕ ਗੁਰਸ਼ਰਨ ਸਿੰਘ ਨੇ ਪਿ੍ੰਸੀ. ਕਰੀਰ ਦੀਆਂ ਸਿਮ੍ਰਤੀਆਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ | ਮੁੱਖ ਮਹਿਮਾਨ ਵਜੋਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਸ਼ਿਰਕਤ ਕੀਤੀ | ਉੱਘੇ ਰੰਗਕਰਮੀ ਪਦਮਸ੍ਰੀ ਪ੍ਰਾਣ ਸਭਰਵਾਲ ਨੇ ਗੁਰਮਤਿ ਸੰਗੀਤ ਚੇਅਰ ਵਲੋਂ ਕਰਵਾਏ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ | ਵੱਖ-ਵੱਖ ਪੇਸ਼ਕਾਰੀਆਂ ਦੌਰਾਨ ਤਬਲੇ 'ਤੇ ਸ੍ਰੀ ਜੈਦੇਵ, ਨਰਿੰਦਰ ਪਾਲ ਸਿੰਘ ਅਤੇ ਹਾਰਮੋਨੀਅਮ 'ਤੇ ਜਨਾਬ ਅਲੀ ਅਕਬਰ ਨੇ ਸੰਗਤ ਕੀਤੀ | ਸਮਾਗਮ ਦੇ ਸ਼ੁਰੂ ਵਿਚ ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਨੇ ਸਭ ਦਾ ਸਵਾਗਤ ਕੀਤਾ ਅਤੇ ਅੰਤ ਵਿੱਚ ਸੰਗੀਤ ਵਿਭਾਗ ਦੇ ਪ੍ਰੋਫ਼ੈਸਰ ਡਾ. ਨਿਵੇਦਿਤਾ ਸਿੰਘ ਨੇ ਧੰਨਵਾਦੀ ਸ਼ਬਦ ਕਹੇ | ਪ੍ਰੋਗਰਾਮ ਦੇ ਕੋਆਰਡੀਨੇਟਰ ਜਸਬੀਰ ਸਿੰਘ ਵਲੋਂ ਕਲਾਕਾਰਾਂ ਅਤੇ ਮਹਿਮਾਨਾਂ ਦਾ ਮਾਣ-ਸਨਮਾਨ ਕਰਵਾਇਆ ਗਿਆ ਅਤੇ ਉਸਤਾਦ ਸ਼ਮਿੰਦਰਪਾਲ ਸਿੰਘ ਨੂੰ 'ਪਿ੍ੰਸੀਪਲ ਸ਼ਮਸ਼ੇਰ ਸਿੰਘ ਕਰੀਰ ਸਿਮ੍ਰਤੀ ਅਵਾਰਡ' ਦਿੱਤਾ ਗਿਆ |
ਪਿਛਲੀ ਖ਼ਬਰ ਭੂਮੀ ਪ੍ਰੋਜੈਕਟ ਤਹਿਤ ਕਰਵਾਈ ਵਰਕਸ਼ਾਪ ਅਗਲੀ ਖ਼ਬਰ ਪੰਜਾਬ 'ਚ ਫ਼ਸਲੀ ਵਿਭਿੰਨਤਾ ਨੂੰ ਨਹੀਂ ਪੈ ਰਿਹਾ ਬੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।