ਨਾਭਾ, 21 ਜਨਵਰੀ (ਜਗਨਾਰ ਸਿੰਘ ਦੁਲੱਦੀ)-ਦੇਰ ਸ਼ਾਮ ਨੂੰ ਨਾਭਾ ਨੇੜਲੇ ਬੀੜ ਦੁਸਾਂਝ ਸਥਿਤ ਪੀਰ ਬਾਬਾ ਨੌਂਗਜਾ ਨੇੜੇ ਇਕ ਸੜਕ ਹਾਦਸੇ ਦੌਰਾਨ ਮਾਂ ਤੇ ਧੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਦੋਂ ਕਿ ਇਕ ਨਿੱਕੀ ਲੜਕੀ ਦੇ ਗੰਭੀਰ ਫੱਟੜ ਹੋਣ ਦਾ ਜਾਣ ਦੀ ਜਾਣਕਾਰੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਮਿ੍ਤ ਸਿੰਘ ਦੇ ਰਿਸ਼ਤੇਦਾਰ ਗੁਰਪਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਮਿ੍ਤਕ ਅਮਨਪ੍ਰੀਤ ਕੌਰ ਅਤੇ ਉਸ ਦਾ ਪਤੀ ਅੰਮਿ੍ਤ ਸਿੰਘ ਆਪਣੇ ਭਰਾ ਨੂੰ ਲੈਣ ਲਈ ਰਾਜਪੁਰਾ ਜਾ ਰਹੇ ਸਨ ਜੋ ਕਿ ਵਿਦੇਸ਼ ਤੋਂ ਘਰ ਪਰਤ ਰਿਹਾ ਸੀ, ਤਾਂ ਪੀਰ ਬਾਬਾ ਨੌਂਗਜਾ ਬੀੜ ਦੁਸਾਂਝ ਵਿਖੇ ਇਹ ਹਾਦਸਾ ਵਾਪਰ ਗਿਆ | ਉਨ੍ਹਾਂ ਦੱਸਿਆ ਕਿ ਅਮਨਪ੍ਰੀਤ ਕੌਰ (30) ਪਤਨੀ ਅੰਮਿ੍ਤ ਸਿੰਘ ਜੋ ਕਿ ਥਾਣਾ ਸਦਰ ਨਾਭਾ ਵਿਖੇ ਸਾਂਝ ਕੇਂਦਰ 'ਚ ਮੁਲਾਜ਼ਮ ਸੀ ਅਤੇ ਉਨ੍ਹਾਂ ਦੀ ਛੋਟੀ ਬੇਟੀ ਅਰਜੋਈ ਤਿੰਨ ਮਹੀਨੇ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਚੁੱਕੀ ਹੈ ਜਦੋਂ ਕਿ ਅੰਮਿ੍ਤ ਸਿੰਘ ਦੀ ਭਤੀਜੀ ਅਵਨੀਤ ਕੌਰ (10) ਗੰਭੀਰ ਰੂਪ 'ਚ ਜ਼ਖਮੀ ਹੋ ਗਈ ਹੈ ਜਿਸ ਨੂੰ ਕਿ ਸਿਵਲ ਹਸਪਤਾਲ ਨਾਭਾ ਦੇ ਡਾਕਟਰਾਂ ਨੇ ਪਟਿਆਲਾ ਰੈਫ਼ਰ ਕਰ ਦਿੱਤਾ ਹੈ | ਉਸ ਨੇ ਦੱਸਿਆ ਕਿ ਮਿ੍ਤਕ ਅਮਨਪ੍ਰੀਤ ਕੌਰ ਪੁਲਿਸ ਮੁਲਾਜ਼ਮ ਸੀ ਜੋ ਕਿ ਥਾਣਾ ਸਦਰ ਨਾਭਾ ਸਥਿਤ ਸਾਂਝ ਕੇਂਦਰ ਵਿਖੇ ਤੈਨਾਤ ਸੀ ਅਤੇ ਉਸ ਦਾ ਪਤੀ ਵੀ ਅੰਮਿ੍ਤ ਸਿੰਘ ਪੁਲਿਸ ਮੁਲਾਜ਼ਮ ਹੈ | ਜਦੋਂ ਇਸ ਸੜਕ ਹਾਦਸੇ ਸੰਬੰਧੀ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ ਖੋਖਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਖ਼ੁਦ ਮੌਕੇ 'ਤੇ ਪਹੁੰਚ ਰਹੇ ਹਨ |