14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਨਗਰ ਪੰਚਾਇਤ ਅਜਨਾਲਾ ਵਲੋਂ ਸਫ਼ਾਈ ਮੁਹਿੰਮ ਦੀ ਸ਼ੁਰੂਆਤ

ਅਜੀਤ ਡੈਸਕ 21-06-2026

ਅਜਨਾਲਾ, 20 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਵਲੋਂ ਸ਼ੁਰੂ ਕੀਤੇ ਮਿਸ਼ਨ ਕਲੀਨ ਪੰਜਾਬ ਤਹਿਤ ਅਜਨਾਲਾ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਦੇ ਮਕਸਦ ਨਾਲ ਨਗਰ ਪੰਚਾਇਤ ਅਜਨਾਲਾ ਵਲੋਂ ਕਾਰਜ ਸਾਧਕ ਅਫ਼ਸਰ ਦਿਨੇਸ਼ ਸੂਰੀ ਦੀ ਅਗਵਾਈ ਹੇਠ ਵਿਸ਼ੇਸ਼ ਸਫ਼ਾਈ ਅਭਿਆਨ ਸ਼ੁਰੂ ਕੀਤਾ ਗਿਆ। ਇਸ ਅਭਿਆਨ ਤਹਿਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ, ਮੁੱਖ ਸੜਕਾਂ, ਬਾਜ਼ਾਰਾਂ ਅਤੇ ਜਨਤਕ ਥਾਵਾਂ ਦੀ ਸਫ਼ਾਈ ਕਰਵਾਈ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਮਾਹੌਲ ਮੁਹੱਈਆ ਕਰਵਾਇਆ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫ਼ਸਰ ਦਿਨੇਸ਼ ਸੂਰੀ ਨੇ ਦੱਸਿਆ ਕਿ ਨਗਰ ਪੰਚਾਇਤ ਵਲੋਂ ਸਫ਼ਾਈ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਯੋਜਨਾਬੱਧ ਢੰਗ ਨਾਲ ਚਲਾਉਣ ਲਈ ਵਿਸ਼ੇਸ਼ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ਅਧੀਨ ਹਰੇਕ ਹਫ਼ਤੇ ਇਕ ਰੋਡ ਦੀ ਚੋਣ ਕਰਕੇ ਉਸ ਦੀ ਪੂਰੀ ਤਰ੍ਹਾਂ ਸਫ਼ਾਈ, ਕੂੜਾ ਚੁੱਕਣ ਅਤੇ ਆਲੇ-ਦੁਆਲੇ ਦੇ ਖੇਤਰ ਨੂੰ ਸੁਚੱਜਾ ਬਣਾਉਣ ਦਾ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਰਫ਼ ਨਗਰ ਪੰਚਾਇਤ ਦੇ ਯਤਨਾਂ ਨਾਲ ਹੀ ਸ਼ਹਿਰ ਨੂੰ ਸਾਫ਼ ਨਹੀਂ ਰੱਖਿਆ ਜਾ ਸਕਦਾ, ਇਸ ਲਈ ਲੋਕਾਂ ਦੀ ਭਾਗੀਦਾਰੀ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਘਰਾਂ ਅਤੇ ਦੁਕਾਨਾਂ ਦਾ ਕੂੜਾ ਨਿਰਧਾਰਿਤ ਥਾਵਾਂ ’ਤੇ ਹੀ ਸੁੱਟਿਆ ਜਾਵੇ ਅਤੇ ਸਫ਼ਾਈ ਕਰਮਚਾਰੀਆਂ ਦਾ ਸਹਿਯੋਗ ਕੀਤਾ ਜਾਵੇ। ਕਾਰਜ ਸਾਧਕ ਅਫ਼ਸਰ ਦਿਨੇਸ਼ ਸੂਰੀ ਨੇ ਖ਼ਾਸ ਤੌਰ ‘ਤੇ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀਆਂ ਦੁਕਾਨਾਂ ਵਿਚ ਕੂੜੇਦਾਨ ਲਗਾਉਣ ਅਤੇ ਰੋਜ਼ਾਨਾ ਨਿਕਲਣ ਵਾਲਾ ਕੂੜਾ ਉਸ ਵਿਚ ਹੀ ਇਕੱਠਾ ਕਰਨ। ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਦੇ ਸਫ਼ਾਈ ਸੇਵਕ ਨਿਯਮਿਤ ਤੌਰ ’ਤੇ ਕੂੜਾ ਇਕੱਠਾ ਕਰਕੇ ਲੈ ਜਾਣਗੇ, ਜਿਸ ਨਾਲ ਬਾਜ਼ਾਰਾਂ ਅਤੇ ਜਨਤਕ ਥਾਵਾਂ ‘ਤੇ ਗੰਦਗੀ ਫੈਲਣ ਤੋਂ ਰੋਕਿਆ ਜਾ ਸਕੇਗਾ। ਇਸ ਮੌਕੇ ਸੁਪਰਡੈਂਟ ਦਵਿੰਦਰ ਠਾਕੁਰ ਅਤੇ ਸੈਨੇਟਰੀ ਇੰਸਪੈਕਟਰ ਪ੍ਰਦੀਪ ਤ੍ਰੇਹਨ ਆਦਿ ਵੀ ਮੌਜੂਦ ਸਨ।

ਪਿਛਲੀ ਖ਼ਬਰ ਮੰਤਰੀ ਮੁੰਡੀਆਂ ਵਲੋਂ ਪਿੰਡ ਕਟਾਣੀ ਕਲਾਂ ’ਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਗੁਰਦੁਆਰਾ ਬਾਬਾ ਫਤਿਹ ਸਿੰਘ ਨਾਗ ਕਲਾਂ ਵਿਖੇ ਗੁਰਮਤਿ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।