29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸਾਬਕਾ ਸਰਪੰਚ ਦੇ ਘਰ 'ਚ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ, ਘਰ 'ਚ ਵੜ ਕੇ ਪਰਿਵਾਰ 'ਤੇ ਕੀਤਾ ਹਮਲਾ <br/>

ਸਾਬਕਾ ਸਰਪੰਚ ਪਿੰਡ ਕੋਟਲਾ ਸੈਦਾਂ ਬਲਕਾਰ ਸਿੰਘ ਦੇ ਘਰ ਹੋਈ ਵਾਰਦਾਤ ਬਾਰੇ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਨਰਿੰਦਰ ਸਿੰਘ | ਤਸਵੀਰ : ਦਲਵਿੰਦਰ ਸਿੰਘ ਰੰਧਾਵਾ <br/> 10-05-2026
ਕੱਥੂਨੰਗਲ, 9 ਮਈ (ਦਲਵਿੰਦਰ ਸਿੰਘ ਰੰਧਾਵਾ)-ਸਥਾਨਕ ਕਸਬਾ ਦੇ ਨਜ਼ਦੀਕੀ ਪੈਂਦੇ ਪਿੰਡ ਕੋਟਲਾ ਸੈਦਾਂ 'ਚ ਦੇਰ ਰਾਤ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕੁਝ ਹਥਿਆਰਬੰਦ ਨੌਜਵਾਨ ਇਕ ਘਰ 'ਚ ਜਬਰਦਸਤੀ ਦਾਖਲ ਹੋ ਕੇ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕਰਨ ਲੱਗ ਪਏ | ਇਸ ਦੌਰਾਨ ਘਰ ਦੇ ਅੰਦਰ ਭੰਨਤੋੜ, ਗੋਲੀਬਾਰੀ ਤੇ ਹਮਲੇ ਦੀ ਪੂਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ | ਪੀੜਤ ਪਰਿਵਾਰ ਵਲੋਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਕੱਥੂਨੰਗਲ ਨੂੰ ਦਿੱਤੀ ਗਈ ਹੈ | ਘਟਨਾ ਸੰਬੰਧੀ ਸਬ ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦੇਰ ਰਾਤ ਇਕ ਕਾਲ ਪ੍ਰਾਪਤ ਹੋਈ ਸੀ ਕਿ ਪਿੰਡ ਕੋਟਲਾ ਸੈਦਾਂ ਵਿਚ ਕੁਝ ਲੋਕ ਘਰ ਵਿਚ ਦਾਖਲ ਹੋ ਕੇ ਭੰਨਤੋੜ ਅਤੇ ਲੜਾਈ ਝਗੜਾ ਕਰ ਰਹੇ ਹਨ | ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਕਬਜ਼ੇ ਵਿਚ ਲੈ ਲਈ | ਉਨ੍ਹਾਂ ਕਿਹਾ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਪੁਲਿਸ ਅਨੁਸਾਰ ਬਲਕਾਰ ਸਿੰਘ ਤੇ ਉਸ ਦੇ ਪੁੱਤਰ ਸਮੇਤ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸੱਟਾਂ ਲੱਗੀਆਂ ਹਨ | ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਹਮਲਾਵਰ ਪਿਸਤੌਲ, ਦਾਤਰ, ਰਾਡਾਂ ਅਤੇ ਡਾਂਗਾਂ ਨਾਲ ਲੈਸ ਹੋ ਕੇ ਆਏ ਸਨ | ਉਨ੍ਹਾਂ ਨੇ ਘਰ ਵਿਚ ਦਾਖਲ ਹੁੰਦੇ ਹੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ | ਹਮਲਾਵਰਾਂ ਨੇ ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਘਰ ਦੇ ਅੰਦਰ ਅਲਮਾਰੀਆਂ, ਰਸੋਈ ਦੇ ਸ਼ੀਸ਼ੇ ਤੇ ਹੋਰ ਫਰਨੀਚਰ ਨੂੰ ਵੀ ਨੁਕਸਾਨ ਪਹੁੰਚਾਇਆ | ਪਰਿਵਾਰ ਦਾ ਦਾਅਵਾ ਹੈ ਕਿ ਹਮਲਾਵਰਾਂ ਨੇ ਗੋਲੀ ਵੀ ਚਲਾਈ ਅਤੇ ਮਹਿਲਾਵਾਂ ਨਾਲ ਵੀ ਧੱਕਾ ਮੁੱਕੀ ਕੀਤੀ | ਪਿੰਡ ਦੇ ਸਰਪੰਚ ਪ੍ਰਕਾਸ਼ ਸਿੰਘ ਨੇ ਦੱਸਿਆ ਪਰਿਵਾਰ ਦੀ ਕਿਸੇ ਨਾਲ ਕੋਈ ਪੁਰਾਣੀ ਰੰਜਿਸ਼ ਨਹੀਂ ਸੀ ਤੇ ਨਾ ਹੀ ਕੋਈ ਵੈਰ ਵਿਰੋਧ ਸੀ | ਸਰਪੰਚ ਨੇ ਦੋਸ਼ ਲਗਾਇਆ ਕਿ ਹਮਲਾਵਰ ਪਿਸਤੌਲਾਂ ਦੇ ਜ਼ੋਰ 'ਤੇ ਪਰਿਵਾਰ ਨੂੰ ਡਰਾਉਂਦੇ ਰਹੇ ਅਤੇ ਘਰ ਦੇ ਅੰਦਰ ਕਾਫ਼ੀ ਦੇਰ ਤੱਕ ਤਬਾਹੀ ਮਚਾਉਂਦੇ ਰਹੇ | ਉਥੇ ਹੀ ਪੀੜਤ ਮਹਿਲਾ ਵਰਿੰਦਰ ਕੌਰ ਨੇ ਰੋਂਦਿਆਂ ਦੱਸਿਆ ਕਿ ਉਸ ਦਾ ਪਤੀ ਸ਼ਹਿਰ ਤੋਂ ਸਾਮਾਨ ਲੈ ਕੇ ਘਰ ਆਇਆ ਸੀ ਅਤੇ ਕੱਪੜੇ ਬਦਲ ਰਿਹਾ ਸੀ ਕਿ ਅਚਾਨਕ ਕੁਝ ਨੌਜਵਾਨ ਘਰ ਦੇ ਅੰਦਰ ਦਾਖਲ ਹੋ ਗਏ | ਉਨ੍ਹਾਂ ਨੇ ਆਉਂਦੇ ਹੀ ਹਮਲਾ ਕਰ ਦਿੱਤਾ ਤੇ ਪਰਿਵਾਰ ਨੂੰ ਬੁਰੀ ਤਰ੍ਹਾਂ ਕੁੱਟਿਆ | ਉਸ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਦੇ ਨਾਲ ਵੀ ਧੱਕਾ ਮੁੱਕੀ ਕੀਤੀ ਅਤੇ ਬਾਂਹ 'ਤੇ ਸੱਟ ਮਾਰੀ | ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ |

ਪਿਛਲੀ ਖ਼ਬਰ ਮੰਦਰ ਬਾਵਾ ਲਾਲ ਦੁਆਰ ਮਜੀਠਾ ਵਿਖੇ ਨਤਮਸਤਕ ਹੋਏ ਤਲਬੀਰ ਸਿੰਘ ਗਿੱਲ <br/> ਅਗਲੀ ਖ਼ਬਰ ਹਰਪ੍ਰੀਤ ਸਿੰਘ ਸੋਨੂੰ, ਆਲ ਇੰਡੀਆ ਕਾਂਗਰਸ ਐੱਸ.ਸੀ. ਸੈੱਲ ਪੰਜਾਬ ਦੇ ਸੈਕਟਰੀ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।