ਮੋਰਿੰਡਾ, 23 ਜੂਨ (ਤਰਲੋਚਨ ਸਿੰਘ ਕੰਗ)-ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਮੋਰਿੰਡਾ ਸਿਟੀ ਪੁਲਿਸ ਨੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 21 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਸਿਟੀ ਮੋਰਿੰਡਾ ਦੇ ਮੁਖੀ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਮਨਜੀਤ ਸਿੰਘ ਪੁਲਿਸ ਪਾਰਟੀ ਸਮੇਤ ਪੰਜਕੋਹਾ ਪੈਲੇਸ ਚੌਂਕ ਵਿਖੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਲੁਧਿਆਣਾ ਵਲੋਂ ਆ ਰਹੇ ਦੋ ਨੌਜਵਾਨ ਪੁਲਿਸ ਨੂੰ ਦੇਖ ਕੇ ਪਿੱਛੇ ਮੁੜਨ ਲੱਗੇ, ਜਿਸ ਕਾਰਨ ਪੁਲਿਸ ਨੂੰ ਸ਼ੱਕ ਹੋਇਆ। ਪੁਲਿਸ ਨੇ ਦੋਵਾਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ। ਉਨ੍ਹਾਂ ਦੀ ਪਛਾਣ ਨਰਿੰਦਰ ਕੁਮਾਰ ਵਾਸੀ ਸਿਰਸਾ (ਹਰਿਆਣਾ), ਹਾਲ ਵਾਸੀ ਮੋਹਾਲੀ ਅਤੇ ਗੁਰਲਾਲ ਸਿੰਘ ਵਾਸੀ ਕਰਨਾਲ (ਹਰਿਆਣਾ) ਵਜੋਂ ਹੋਈ। ਤਲਾਸ਼ੀ ਦੌਰਾਨ ਗੁਰਲਾਲ ਸਿੰਘ ਕੋਲੋਂ 21 ਗ੍ਰਾਮ ਹੈਰੋਇਨ ਬਰਾਮਦ ਹੋਈ, ਜਦਕਿ ਨਰਿੰਦਰ ਕੁਮਾਰ ਕੋਲੋਂ ਕੋਈ ਨਸ਼ੀਲਾ ਪਦਾਰਥ ਨਹੀਂ ਮਿਲਿਆ। ਪੁਲਿਸ ਨੇ ਦੋਵਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵਲੋਂ ਨਸ਼ੇ ਦੇ ਸਰੋਤਾਂ ਅਤੇ ਇਸ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਜਾਂਚ ਕੀਤੀ ਜਾ ਰਹੀ ਹੈ।