ਰੂਪਨਗਰ, 23 ਜੂਨ (ਸਤਨਾਮ ਸਿੰਘ ਸੱਤੀ)-ਸ਼ਹੀਦ ਭਗਤ ਸਿੰਘ ਚੌਂਕ (ਬੇਲਾ ਚੌਂਕ) ਤੋਂ ਰੂਪਨਗਰ ਬਾਈਪਾਸ ਤੱਕ 85.87 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾਣ ਵਾਲੀ ਪ੍ਰੀ-ਮਿਕਸ ਕੰਕਰੀਟ ਪੀਸੀ ਸੜਕ ਦਾ ਨੀਂਹ ਪੱਥਰ ਫਰਵਰੀ 2026 ਵਿਚ ਰੱਖਿਆ ਗਿਆ ਸੀ, ਪਰ ਚਾਰ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਇਸ ਦਾ ਨਿਰਮਾਣ ਕਾਰਜ ਮੁੜ ਸ਼ੁਰੂ ਨਹੀਂ ਹੋ ਸਕਿਆ। ਇਸ ਕਾਰਨ ਲੋਕਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ ਅਤੇ ਪ੍ਰੋਜੈਕਟ ਦੇ ਖਟਾਈ ਵਿਚ ਪੈਣ ਦੇ ਕਿਆਸ ਲਗਾਏ ਜਾ ਰਹੇ ਹਨ। ਸੜਕ ਦੇ ਨੀਂਹ ਪੱਥਰ ਸਮੇਂ ਦਾਅਵਾ ਕੀਤਾ ਗਿਆ ਸੀ ਕਿ ਇਸ ਮਾਰਗ ਨੂੰ ਚੌੜਾ ਅਤੇ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ ਭਵਿੱਖ ਵਿਚ ਸੜਕ ਦੇ ਵਾਰ-ਵਾਰ ਟੁੱਟਣ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ। ਕੰਮ ਦੀ ਸ਼ੁਰੂਆਤ ਵੀ ਠੇਕੇਦਾਰ ਵਲੋਂ ਤੁਰੰਤ ਕਰ ਦਿੱਤੀ ਗਈ ਸੀ, ਪਰ ਦੋਸ਼ ਹਨ ਕਿ ਕੁੱਝ ਦੁਕਾਨਦਾਰਾਂ ਅਤੇ ਫੁੱਟਪਾਥਾਂ ’ਤੇ ਰੇੜੀਆਂ ਲਗਾ ਕੇ ਕਬਜ਼ੇ ਕਰਨ ਵਾਲੇ ਤੱਤਾਂ ਦੇ ਵਿਰੋਧ ਕਾਰਨ ਕੰਮ ਰੁਕ ਗਿਆ, ਜੋ ਅਜੇ ਤੱਕ ਮੁੜ ਸ਼ੁਰੂ ਨਹੀਂ ਹੋ ਸਕਿਆ। ਇਹ ਮਾਰਗ ਇਸ ਵੇਲੇ ਕਈ ਥਾਵਾਂ ਤੋਂ ਟੁੱਟਾ ਹੋਇਆ ਹੈ ਅਤੇ ਰੋਜ਼ਾਨਾ ਭਾਰੀ ਆਵਾਜਾਈ ਦਾ ਬੋਝ ਝੱਲ ਰਿਹਾ ਹੈ। ਪੁਰਾਣੇ ਕਿਡਜ਼ੀ ਸਕੂਲ ਤੱਕ ਦੇ ਖੇਤਰ ਵਿਚ ਕਈ ਵਪਾਰਕ ਅਦਾਰੇ, ਬੈਂਕ ਅਤੇ ਹੋਰ ਸੰਸਥਾਵਾਂ ਸਥਿਤ ਹਨ, ਜਿੱਥੇ ਹਰ ਰੋਜ਼ ਹਜ਼ਾਰਾਂ ਲੋਕ ਆਉਂਦੇ-ਜਾਂਦੇ ਹਨ। ਖਰਾਬ ਸੜਕ ਕਾਰਨ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੰਮ ਲਗਾਤਾਰ ਜਾਰੀ ਰਹਿੰਦਾ ਤਾਂ ਇਹ ਸੜਕ ਦੋ-ਤਿੰਨ ਮਹੀਨੇ ਪਹਿਲਾਂ ਹੀ ਮੁਕੰਮਲ ਹੋ ਸਕਦੀ ਸੀ। ਚੋਣਾਂ ਤੋਂ ਪਹਿਲਾਂ ਕਈ ਕੌਂਸਲਰ ਬਣਨ ਦੇ ਚਾਹਵਾਨਾਂ ਨੇ ਆਪਣੇ ਖਰਚੇ ’ਤੇ ਸੜਕ ਦੀ ਅਸਥਾਈ ਮੁਰੰਮਤ ਵੀ ਕਰਵਾਈ ਸੀ, ਪਰ ਹੁਣ ਨਵੇਂ ਕੌਂਸਲਰ ਚੁਣੇ ਜਾਣ ਤੋਂ ਬਾਅਦ ਲੋਕਾਂ ਦੀਆਂ ਉਮੀਦਾਂ ਉਨ੍ਹਾਂ ਨਾਲ ਜੁੜ ਗਈਆਂ ਹਨ। ਇਲਾਕਾ ਨਿਵਾਸੀਆਂ ਨੇ ਨਵੀਂ ਨਗਰ ਕੌਂਸਲ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਇਸ ਅਹਿਮ ਸੜਕ ਪ੍ਰੋਜੈਕਟ ਨੂੰ ਜਲਦ ਮੁੜ ਸ਼ੁਰੂ ਕਰਵਾ ਕੇ ਮੁਕੰਮਲ ਕੀਤਾ ਜਾਵੇ।