18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਉੱਪਰਲਾ ਗੜ੍ਹਬਾਗਾ ਵਿਚ ਬਾਂਦਰਾਂ ਦਾ ਆਤੰਕ, 8 ਸਾਲਾ ਬੱਚੀ ਗੰਭੀਰ ਜ਼ਖ਼ਮੀ

ਅਜੀਤ ਡੈਸਕ 24-06-2026
ਰੂਪਨਗਰ, 23 ਜੂਨ (ਸਤਨਾਮ ਸਿੰਘ ਸੱਤੀ)-ਨੂਰਪੁਰ ਬੇਦੀ ਖੇਤਰ ਦੇ ਪਿੰਡ ਉੱਪਰਲਾ ਗੜ੍ਹਬਾਗਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਬਾਂਦਰਾਂ ਦੇ ਵਧਦੇ ਆਤੰਕ ਕਾਰਨ ਲੋਕਾਂ ਵਿਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਆਏ ਦਿਨ ਬਾਂਦਰਾਂ ਵਲੋਂ ਬੱਚਿਆਂ ਅਤੇ ਬਜ਼ੁਰਗਾਂ ’ਤੇ ਹਮਲੇ ਕੀਤੇ ਜਾ ਰਹੇ ਹਨ, ਜਿਸ ਕਾਰਨ ਪਿੰਡ ਵਾਸੀ ਬੇਹੱਦ ਪਰੇਸ਼ਾਨ ਹਨ। ਤਾਜ਼ਾ ਘਟਨਾ ਵਿਚ ਇੱਕ ਬਾਂਦਰੀ ਨੇ 8 ਸਾਲਾਂ ਬੱਚੀ ਦਮਨੀਤ ਕੌਰ ਪੁੱਤਰੀ ਮਲਕੀਤ ਸਿੰਘ ’ਤੇ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਜਾਣਕਾਰੀ ਅਨੁਸਾਰ ਦਮਨੀਤ ਕੌਰ ਆਪਣੇ ਘਰੋਂ ਬਾਹਰ ਚਾਚਾ ਨੂੰ ਬੁਲਾਉਣ ਜਾ ਰਹੀ ਸੀ ਕਿ ਘਰ ਦੀ ਕੰਧ ’ਤੇ ਬੈਠੀ ਬਾਂਦਰੀ ਨੇ ਅਚਾਨਕ ਉਸ ’ਤੇ ਝਪੱਟਾ ਮਾਰ ਦਿੱਤਾ। ਹਮਲੇ ਦੌਰਾਨ ਬੱਚੀ ਦੇ ਮੂੰਹ, ਬਾਹਾਂ ਅਤੇ ਲੱਤਾਂ ’ਤੇ ਡੂੰਘੇ ਜ਼ਖ਼ਮ ਆਏ ਅਤੇ ਉਹ ਲਹੂ-ਲੁਹਾਨ ਹੋ ਗਈ। ਪਰਿਵਾਰਕ ਮੈਂਬਰਾਂ ਵਲੋਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਰੂਪਨਗਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜ਼ਖ਼ਮਾਂ ’ਤੇ ਟਾਂਕੇ ਲਗਾਏ ਅਤੇ ਐਂਟੀ-ਰੇਬੀਜ਼ ਟੀਕੇ ਲਗਾ ਕੇ ਇਲਾਜ ਸ਼ੁਰੂ ਕੀਤਾ। ਪੀੜਤ ਬੱਚੀ ਦੀ ਮਾਤਾ ਰਜੀ ਨੇ ਦੱਸਿਆ ਕਿ ਪਿੰਡ ਵਿਚ ਬਾਂਦਰਾਂ ਦਾ ਖੌਫ਼ ਕਾਫ਼ੀ ਸਮੇਂ ਤੋਂ ਬਣਿਆ ਹੋਇਆ ਹੈ ਅਤੇ ਪਹਿਲਾਂ ਵੀ ਕਈ ਬੱਚੇ ਇਨ੍ਹਾਂ ਦੇ ਹਮਲਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕੁੱਝ ਲੋਕਾਂ ਵਲੋਂ ਬਾਂਦਰਾਂ ਨੂੰ ਬਰੈੱਡ ਅਤੇ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਪਾਉਣ ਕਾਰਨ ਇਹ ਇਲਾਕੇ ਵਿਚ ਹੀ ਡੇਰੇ ਲਗਾ ਕੇ ਬੈਠ ਗਏ ਹਨ ਅਤੇ ਹੁਣ ਹਮਲਾਵਰ ਰੁਖ਼ ਅਪਣਾ ਰਹੇ ਹਨ। ਪਿੰਡ ਦੇ ਸਾਬਕਾ ਸਰਪੰਚ ਗੁਰਦਾਸ ਰਾਮ ਨੇ ਦੋਸ਼ ਲਗਾਇਆ ਕਿ ਜੰਗਲਾਤ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਇਸ ਸਮੱਸਿਆ ਪ੍ਰਤੀ ਗੰਭੀਰਤਾ ਨਹੀਂ ਦਿਖਾ ਰਹੇ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਇੱਕ ਪਿੰਜਰਾ ਤਾਂ ਲਗਾਇਆ ਗਿਆ ਹੈ, ਪਰ ਉਸ ਦੀ ਕੋਈ ਦੇਖਭਾਲ ਨਹੀਂ ਹੋ ਰਹੀ, ਜਿਸ ਕਾਰਨ ਬਾਂਦਰਾਂ ਨੂੰ ਫੜਨ ਲਈ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਹੋ ਸਕੀ। ਦਰਅਸਲ ਅੰਧ ਵਿਸ਼ਵਾਸੀ ਲੋਕਾਂ ਨੇ ਨਾ ਬਾਂਦਰਾਂ ਦੀਆਂ ਆਦਤਾਂ ਵਿਗਾੜ ਦਿੱਤੀਆਂ ਹਨ ਜੋ ਆਏ ਦਿਨ ਇਥੋਂ ਬਰੈਡਾਂ ਲੈ ਕੇ ਉਹਨਾਂ ਨੂੰ ਸੜਕਾਂ ਕਿਨਾਰੇ ਆਉਣ ਲਈ ਮਜਬੂਰ ਕਰਦੇ ਹਨ, ਪਰ ਜਦੋਂ ਕਈ ਵਾਰ ਬਰੈੱਡ ਨਹੀਂ ਮਿਲਦੀ ਤਾਂ ਉਹ ਫਿਰ ਲੋਕਾਂ ਨਾਲ ਝਪਟਮਾਰੀ ਕਰਦੇ ਹਨ। ਸਾਬਕਾ ਸਰਪੰਚ ਗੁਰਦਾਸ ਰਾਮ ਨੇ ਕਿਹਾ ਕਿ ਉਨਾਂ ਨੇ ਕਈ ਵਾਰ ਅਪੀਲਾਂ ਕੀਤੀਆਂ ਹਨ ਕਿ ਲੋਕ ਉਨਾਂ ਨੂੰ ਬਾਹਰੀ ਖਾਣ ਪੀਣ ਦਾ ਸਮਾਨ ਨਾ ਪਾਉਣ ਪਰ ਲੋਕ ਅਜਿਹਾ ਕਰਨ ਤੋਂ ਨਹੀਂ ਹਟਦੇ। ਪਿੰਡ ਵਾਸੀਆਂ ਅਤੇ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਤੁਰੰਤ ਦਖ਼ਲ ਦੀ ਮੰਗ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਬਾਂਦਰਾਂ ਦੇ ਆਤੰਕ ਤੋਂ ਜਲਦੀ ਰਾਹਤ ਨਾ ਦਿੱਤੀ ਗਈ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜੰਗਲਾਤ ਵਿਭਾਗ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।
ਪਿਛਲੀ ਖ਼ਬਰ ਮੋਰਿੰਡਾ ਪੁਲਿਸ ਵਲੋਂ 21 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਕਾਬੂ ਅਗਲੀ ਖ਼ਬਰ ਬਸੀ ਗੁਜਰਾਂ ਦੇ ਭੱਠਿਆਂ ’ਤੇ ਢੋਆ ਢੁਆਈ ਕਰਨ ਵਾਲੇ ਮਜ਼ਦੂਰਾਂ ਨੇ ਕੀਤੀ ਹੜਤਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।