ਸ੍ਰੀ ਚਮਕੌਰ ਸਾਹਿਬ, 23 ਜੂਨ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਬਸੀ ਗੁੱਜਰਾਂ ਦੇ ਭੱਠਿਆਂ ‘ਤੇ ਪੱਕੀਆਂ ਇੱਟਾਂ ਦੀ ਢੋਆ ਢੁਆਈ ਕਰਨ ਵਾਲੇ ਮਜ਼ਦੂਰਾਂ ਨੇ ਮਿਲਦੀ ਘੱਟ ਮਜ਼ਦੂਰੀ ਦੇ ਰੋਸ ਵੱਜੋ ਅਣਮਿਥੇ ਸਮੇਂ ਲਈ ਹੜਤਾਲ ਕਰ ਦਿੱਤੀ ਅਤੇ ਮੰਗ ਕੀਤੀ ਕਿ ਉਨ੍ਹਾਂ ਨੂੰ ਕਿਰਤ ਕਾਨੂੰਨ ਮੁਤਾਬਿਕ ਬਣਦੀ ਅਦਾਇਗੀ ਕੀਤੀ ਜਾਵੇ। ਅੱਜ ਇਨ੍ਹਾਂ ਮਜ਼ਦੂਰਾਂ ਦੀ ਹੜਤਾਲ ਦੌਰਾਨ ਕੀਤੇ ਇਕੱਠ ਦੌਰਾਨ ਨਾਅਰੇਬਾਜ਼ੀ ਕੀਤੀ ਗਈ ਅਤੇ ਇਨ੍ਹਾਂ ਦੀ ਹਮਾਇਤ ਲਈ ਪੁੱਜੇ ਸੀਟੂ ਪੰਜਾਬ ਦੇ ਮੀਤ ਪ੍ਰਧਾਨ ਕਾਮਰੇਡ ਗੁਰਦੇਵ ਸਿੰਘ ਬਾਗ਼ੀ ਨੇ ਇਨ੍ਹਾਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਣੂ ਕਰਵਾਉਂਦਿਆਂ ਲਾਲ ਝੰਡਾ ਭੱਠਾ ਵਰਕਰ ਯੂਨੀਅਨ ਪੰਜਾਬ ਬਲਾਕ ਸ੍ਰੀ ਚਮਕੌਰ ਸਾਹਿਬ ਦਾ ਗਠਨ ਕੀਤਾ ਤੇ ਉਸ ਦੀ ਚੋਣ ਕਰਵਾ ਕੇ ਆਪਣੇ ਹੱਕਾਂ ਲਈ ਲੜਾਈ ਲੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਾਥੀ ਹਰਕਮਲ ਸਿੰਘ ਨੂੰ ਪ੍ਰਧਾਨ, ਦਵਿੰਦਰ ਸਿੰਘ ਛੋਟਾ, ਮਨਮਿੰਦਰ ਸਿੰਘ ਹੈਪੀ ਨੂੰ ਮੀਤ ਪ੍ਰਧਾਨ, ਪਾਲ ਸਿੰਘ ਪਾਲੀ ਨੂੰ ਜਨਰਲ ਸਕੱਤਰ, ਪੁੱਤੀ ਲਾਲ, ਰਾਜਾ ਕੁਮਾਰ ਨੂੰ ਸੰਯੁਕਤ ਸਕੱਤਰ, ਹਰਮੀਤ ਸਿੰਘ ਮੰਗਲ ਨੂੰ ਖ਼ਜ਼ਾਨਚੀ, ਸੂਰਜ ਸਿੰਘ ਅਤੇ ਪੰਮਾ ਸਿੰਘ ਨੂੰ ਸਲਾਹਕਾਰ ਚੁਣਿਆ ਗਿਆ। ਚੋਣ ਉਪਰੰਤ ਸੰਬੋਧਨ ਕਰਦਿਆਂ ਗੁਰਦੇਵ ਸਿੰਘ ਬਾਗ਼ੀ ਨੇ ਕਿਹਾ ਕਿ ਭੱਠਾ ਮਾਲਕਾਂ ਵਲੋਂ ਇਨ੍ਹਾਂ ਮਜ਼ਦੂਰਾਂ (ਟਰਾਲੀ ਅਤੇ ਟਰੱਕ ਦੀ ਸਮੁੱਚੀ ਲੇਬਰ ਇੱਟ ਭਰਨ ਅਤੇ ਉਤਾਰਨ ਵਾਲੇ) ਨੂੰ 200 ਰੁਪਏ ਪ੍ਰਤੀ ਹਜ਼ਾਰ ਪੱਕੀਆਂ ਇੱਟਾਂ ਦੀ ਢੋਆ ਢੁਆਈ (ਲੋਡਿੰਗ ਅਤੇ ਅਨਲੋਡਿੰਗ) ਦੇ ਦਿੱਤੇ ਜਾਂਦੇ ਹਨ, ਜਦਕਿ ਕਿਰਤ ਕਾਨੂੰਨ ਮੁਤਾਬਿਕ ਇਨ੍ਹਾਂ ਦੀ ਮਜ਼ਦੂਰੀ ਪ੍ਰਤੀ ਹਜ਼ਕਰ 336 ਰੁਪਏ 93 ਪੈਸੇ ਤੈਅ ਕੀਤੀ ਹੋਈ। ਇਨ੍ਹਾਂ ਮਜ਼ਦੂਰਾਂ ਦੇ ਹੋ ਰਹੇ ਸ਼ੋਸ਼ਣ ਨੂੰ ਰੋਕਣ ਲਈ ਉਨ੍ਹਾਂ ਸਮੂਹ ਭੱਠਿਆਂ ਦੀ ਇੱਟਾਂ ਢੋਆ ਢੁਆਈ ਕਰਨ ਵਾਲੇ ਮਜ਼ਦੂਰਾਂ ਨੂੰ 24 ਜੂਨ ਨੂੰ ਸਵੇਰੇ 10 ਵਜੇ ਰੂਪਨਗਰ ਵਿਖੇ ਮਹਾਰਾਜਾ ਰਣਜੀਤ ਸਿੰਘ ਬਾਗ਼ ਵਿਚ ਇਕੱਠੇ ਹੋਣ ਦੀ ਅਪੀਲ ਕੀਤੀ ਤਾਂ ਉੱਥੋਂ ਕਾਫ਼ਲੇ ਦੇ ਰੂਪ ਵਿਚ ਕਿਰਤ ਪਾਲ ਵਿਭਾਗ ਦੇ ਦਫ਼ਤਰ ਵਿਖੇ ਜਾਇਆ ਜਾਵੇਗਾ, ਜਿੱਥੇ ਇਨ੍ਹਾਂ ਮਜ਼ਦੂਰਾਂ ਨੂੰ ਕਿਰਤ ਕਾਨੂੰਨ ਮੁਤਾਬਿਕ ਬਣਦਾ ਮਿਹਨਤਾਨਾ ਅਤੇ ਬਣਦੀਆਂ ਹੋਰ ਸਹੂਲਤਾਂ ਲੈਣ ਲਈ ਮੰਗ ਪੱਤਰ ਦਿੱਤੇ ਜਾਣਗੇ। ਇਸ ਮੌਕੇ ਗੁਰਮੀਤ ਸਿੰਘ, ਅਰਜਨ, ਬੀਰੂ, ਗੁਰਜੀਤ ਸਿੰਘ, ਪਾਲ ਸਿੰਘ, ਗਗਨਦੀਪ ਸਿੰਘ, ਪ੍ਰਿੰਸ, ਗੀਤਾ ਲਾਲ, ਮੋਹਿਤ, ਮਾਗਾਂ, ਅਮਰਜੀਤ ਆਦਿ ਵੀ ਹਾਜ਼ਰ ਸਨ।