18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਵਲੋਂ ਵੱਖ-ਵੱਖ ਪਾਬੰਦੀਆਂ ਸਬੰਧੀ ਹੁਕਮ ਜਾਰੀ

ਅਜੀਤ ਡੈਸਕ 24-06-2026
ਰੂਪਨਗਰ, 23 ਜੂਨ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਅਦਿੱਤਿਆ ਡੇਚਲਵਾਲ ਨੇ ਅਮਨ-ਕਾਨੂੰਨ ਅਤੇ ਜਨ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਜ਼ਿਲ੍ਹੇ ਵਿਚ ਕਈ ਮਹੱਤਵਪੂਰਨ ਪਾਬੰਦੀਆਂ ਅਤੇ ਹਦਾਇਤਾਂ ਸਬੰਧੀ ਹੁਕਮ ਜਾਰੀ ਕੀਤੇ ਹਨ, ਜੋ 23 ਅਗਸਤ 2026 ਤੱਕ ਲਾਗੂ ਰਹਿਣਗੇ। ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹੇ ਵਿਚ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਗਊ ਵੰਸ਼ ਦੀ ਢੋਆ-ਢੁਆਈ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇਸ ਦੇ ਨਾਲ ਹੀ ਗਊ ਵੰਸ਼ ਰੱਖਣ ਵਾਲੇ ਵਿਅਕਤੀਆਂ ਲਈ ਪਸ਼ੂ ਪਾਲਣ ਵਿਭਾਗ ਕੋਲ ਆਪਣੀ ਰਜਿਸਟਰੇਸ਼ਨ ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਮੈਰਿਜ ਪੈਲੇਸਾਂ, ਸਮਾਗਮਾਂ ਅਤੇ ਹੋਰ ਜਨਤਕ ਥਾਵਾਂ ’ਤੇ ਹਥਿਆਰ ਲੈ ਕੇ ਜਾਣ, ਹਵਾਈ ਫਾਇਰ ਕਰਨ ਅਤੇ ਹਥਿਆਰਾਂ ਦੀ ਜਨਤਕ ਪ੍ਰਦਰਸ਼ਨੀ ’ਤੇ ਵੀ ਪਾਬੰਦੀ ਲਗਾਈ ਹੈ। ਇਸ ਤੋਂ ਇਲਾਵਾ ਨਸ਼ਿਆਂ, ਸ਼ਰਾਬ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਅਤੇ ਭੜਕਾਊ ਭਾਸ਼ਣਾਂ ’ਤੇ ਵੀ ਰੋਕ ਲਗਾਈ ਗਈ ਹੈ। ਹੁਕਮਾਂ ਤਹਿਤ ਹੋਟਲਾਂ, ਢਾਬਿਆਂ, ਸਰਾਵਾਂ, ਮਕਾਨ ਮਾਲਕਾਂ, ਉਦਯੋਗਿਕ ਇਕਾਈਆਂ ਅਤੇ ਖੇਤੀਬਾੜੀ ਫਾਰਮਾਂ ਨੂੰ ਆਪਣੇ ਕੋਲ ਰਹਿਣ ਜਾਂ ਕੰਮ ਕਰਨ ਵਾਲੇ ਵਿਅਕਤੀਆਂ ਦੀ ਪੂਰੀ ਜਾਣਕਾਰੀ ਨਜ਼ਦੀਕੀ ਪੁਲਿਸ ਥਾਣੇ ਜਾਂ ਚੌਂਕੀ ਵਿਚ ਜਮ੍ਹਾਂ ਕਰਵਾਉਣੀ ਹੋਵੇਗੀ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਹੁੱਕਾ ਬਾਰਾਂ ਦੇ ਸੰਚਾਲਨ ਅਤੇ ਅਣ-ਅਧਿਕਾਰਤ ਸੀਮਨ ਦੇ ਭੰਡਾਰਨ, ਵਿਕਰੀ ਅਤੇ ਵਰਤੋਂ ’ਤੇ ਵੀ ਪੂਰਨ ਪਾਬੰਦੀ ਲਗਾਈ ਗਈ ਹੈ। ਆਰਮਡ ਫੋਰਸਿਜ਼, ਪੰਜਾਬ ਪੁਲਿਸ ਅਤੇ ਬੀਐਸਐਫ ਦੀ ਵਰਦੀ ਅਣ-ਅਧਿਕਾਰਤ ਵਿਅਕਤੀਆਂ ਨੂੰ ਵੇਚਣ ਜਾਂ ਖਰੀਦਣ ’ਤੇ ਵੀ ਰੋਕ ਲਗਾਈ ਗਈ ਹੈ। ਉਨ੍ਹਾਂ ਵਲੋਂ ਜ਼ਿਲ੍ਹਾ ਜੇਲ੍ਹ ਰੂਪਨਗਰ ਦੇ 500 ਮੀਟਰ ਦੇ ਘੇਰੇ ਨੂੰ ‘ਨੋ ਡਰੋਨ ਜ਼ੋਨ’ ਐਲਾਨਦਿਆਂ ਡਰੋਨ ਦੀ ਵਰਤੋਂ ’ਤੇ ਵੀ ਪੂਰਨ ਪਾਬੰਦੀ ਲਗਾਈ ਗਈ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਪਿਛਲੀ ਖ਼ਬਰ ਬਸੀ ਗੁਜਰਾਂ ਦੇ ਭੱਠਿਆਂ ’ਤੇ ਢੋਆ ਢੁਆਈ ਕਰਨ ਵਾਲੇ ਮਜ਼ਦੂਰਾਂ ਨੇ ਕੀਤੀ ਹੜਤਾਲ ਅਗਲੀ ਖ਼ਬਰ ਵੱਖ-ਵੱਖ ਮੰਦਰਾਂ ਵਿਚ ਚੋਰੀਆਂ ਕਰਨ ਵਾਲਾ ਪ੍ਰਵਾਸੀ ਚੜ੍ਹਿਆ ਪੁਲਿਸ ਅੜਿੱਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।