ਰੂਪਨਗਰ, 2 ਜੂਨ (ਸਤਨਾਮ ਸਿੰਘ ਸੱਤੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ ਦੀ ਅਗਵਾਈ ਹੇਠ ਕਿਸਾਨਾਂ ਦੇ ਇਕ ਵਫ਼ਦ ਨੇ ਖੇਤੀਬਾੜੀ ਲਈ ਬਿਜਲੀ ਸਪਲਾਈ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਪਾਵਰਕਾਮ ਦੇ ਚੇਅਰਮੈਨ ਦੇ ਨਾਂ ਨਿਗਰਾਨ ਇੰਜਨੀਅਰ ਰੋਪੜ ਸਤਵਿੰਦਰ ਸਿੰਘ ਸੈਣੀ ਨੂੰ ਮੰਗ ਪੱਤਰ ਸੌਂਪਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜੁਆਇੰਟ ਸਕੱਤਰ ਗੁਰਚਰਨ ਸਿੰਘ ਢੋਲਣ ਮਾਜਰਾ ਨੇ ਦੱਸਿਆ ਕਿ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਹੈ ਕਿ ਖੇਤੀ ਮੋਟਰਾਂ ਲਈ ਇਸ ਵੇਲੇ ਸਵੇਰੇ 4 ਵਜੇ ਤੋਂ ਦੁਪਹਿਰ 12 ਵਜੇ ਤੱਕ ਦਿੱਤੀ ਜਾ ਰਹੀ ਬਿਜਲੀ ਦੀ ਟਾਈਮਿੰਗ ਬਦਲ ਕੇ ਸਵੇਰੇ 1 ਵਜੇ ਤੋਂ 9 ਵਜੇ ਤੱਕ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਖੇਤੀ ਮੋਟਰਾਂ ਲਈ ਘੱਟੋ-ਘੱਟ 10 ਘੰਟੇ ਬਿਜਲੀ ਦੇਣ ਦੇ ਅਗਾਊ ਪ੍ਰਬੰਧ ਕੀਤੇ ਜਾਣ।ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਜਿਨ੍ਹਾਂ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਢਿੱਲੀਆਂ ਹਨ ਜਾਂ ਮੋਟਰਾਂ �ਵਰਲੋਡ ਹਨ, ਉਨ੍ਹਾਂ ਦੀ ਤੁਰੰਤ ਮੁਰੰਮਤ ਕਰਕੇ ਤਾਰਾਂ ਠੀਕ ਕੀਤੀਆਂ ਜਾਣ ਅਤੇ ਮੋਟਰਾਂ ਨੂੰ ਅੰਡਰ ਲੋਡ ਕੀਤਾ ਜਾਵੇ। ਇਸ ਤੋਂ ਇਲਾਵਾ ਪਿਛਲੇ ਸਾਲ ਵਾਂਗ ਵੀ.ਡੀ.ਐਸ. ਸਕੀਮ ਮੁੜ ਲਾਗੂ ਕੀਤੀ ਜਾਵੇ ਤਾਂ ਜੋ ਕਿਸਾਨ ਆਪਣੀਆਂ ਮੋਟਰਾਂ ਦਾ ਲੋਡ ਵਧਾ ਸਕਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜੇਕਰ ਕੋਈ ਟਰਾਂਸਫਾਰਮਰ ਸੜ ਜਾਂਦਾ ਹੈ ਤਾਂ ਉਸ ਨੂੰ 24 ਘੰਟਿਆਂ ਦੇ ਅੰਦਰ ਬਦਲਣ ਦੀ ਵਿਵਸਥਾ ਯਕੀਨੀ ਬਣਾਈ ਜਾਵੇ। ਨਿਗਰਾਨ ਇੰਜਨੀਅਰ ਸਤਵਿੰਦਰ ਸਿੰਘ ਸੈਣੀ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਮੰਗਾਂ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ। ਇਸ ਮੌਕੇ ਕਰਨੈਲ ਸਿੰਘ ਡੂਮਛੇੜੀ, ਤਰਲੋਚਨ ਸਿੰਘ ਤਾਜਪੁਰਾ, ਅਵਤਾਰ ਸਿੰਘ, ਰਜਿੰਦਰ ਸਿੰਘ ਸਹੇੜੀ, ਗੁਰਚਰਨ ਸਿੰਘ ਢੋਲਣ ਮਾਜਰਾ, ਹਰਚੰਦ ਸਿੰਘ ਰਤਨਗੜ੍ਹ, ਨੇਤਰ ਸਿੰਘ ਰੋਣੀ, ਰਣਧੀਰ ਸਿੰਘ ਮਾਜਰੀ ਅਤੇ ਹੋਰ ਕਿਸਾਨ ਆਗੂ ਹਾਜ਼ਰ ਸਨ।