ਸ੍ਰੀ ਅਨੰਦਪੁਰ ਸਾਹਿਬ, 2 ਜੂਨ (ਕਰਨੈਲ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਸਕੂਲੀ ਵਿਦਿਆਰਥੀਆਂ ਦਾ 5 ਰੋਜ਼ਾ 10ਵਾਂ ਗੁਰਮਤਿ ਚੇਤਨਾ ਕੈਂਪ ਅੱਜ ਪੂਰੇ ਖ਼ਾਲਸਾਈ ਜਾਹੋ ਜਲਾਲ ਦੇ ਨਾਲ ਆਰੰਭ ਕੀਤਾ ਗਿਆ। ਕੈਂਪ ਦਾ ਉਦਘਾਟਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਬੀਬੀ ਸਤਵੰਤ ਕੌਰ ਸਹਾਇਕ ਡਾਇਰੈਕਟਰ ਸਕੂਲਜ਼ ਵਲੋਂ ਕੀਤਾ ਗਿਆ। ਕੈਂਪ ਦੀ ਆਰੰਭਤਾਂ ਮੌਕੇ ਸਮੂਹ ਵਿਦਿਆਰਥੀਆਂ ਵਲੋਂ ਨਿਸ਼ਾਨ ਸਾਹਿਬ ਨੂੰ ਸਲਾਮੀ ਦਿੱਤੀ ਗਈ। ਸਿੰਘ ਸਾਹਿਬ ਗਿਆਨ ਕੁਲਦੀਪ ਸਿੰਘ ਗੜਗੱਜ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚੇ ਹੀ ਆਪਣੀ ਕੌਮ ਦਾ ਭਵਿੱਖ ਅਤੇ ਕੀਮਤੀ ਸਰਮਾਇਆ ਹੁੰਦੇ ਹਨ। ਉਨ੍ਹਾਂ ਦਾ ਆਪਣੇ ਸਾਨਾਮੱਤੇ ਇਤਿਹਾਸ ਤੇ ਵਿਰਸੇ ਨਾਲ ਜੁੜਨਾ ਅਤੇ ਕੌਮ ਦੇ ਮਹਾਨ ਸ਼ਹੀਦਾਂ ਦੇ ਜੀਵਨ ਫਲਸਫੇ ਤੋਂ ਜਾਣੂ ਹੋਣਾ ਹੋਰ ਵੀ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜਿਥੇ ਸਮੁੱਚਾ ਪੰਥ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹੋਏ ਫੌਜੀ ਹਮਲੇ ਦੇ ਸ਼ਹੀਦਾਂ ਯਾਦ ਕਰ ਰਿਹਾ ਹੈ, ਉਸ ਸਮੇਂ ਇਸ ਕੈਂਪ ‘ਚ ਉਨ੍ਹਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ । ਬੀਬੀ ਸਤਵੰਤ ਕੌਰ ਨੇ ਕਿਹਾ ਕਿ ਸਕੂਲੀ ਵਿਦਿਆਰਥੀ ਕੌਮ ਦੀ ਪੁੰਗਰ ਰਹੀ ਪਨੀਰੀ ਹਨ। ਸ਼੍ਰੋਮਣੀ ਕਮੇਟੀ ਦਾ ਹਰ ਸਾਲ ਇਹ ਉਪਰਾਲਾ ਹੁੰਦਾ ਹੈ ਕਿ ਉਹ ਛੁੱਟੀਆਂ ਦੌਰਾਨ ਬੱਚਿਆਂ ਆਪਣੇ ਅਮੀਰ ਵਿਰਸੇ ਤੋਂ ਜਾਣੂ ਕਰਵਾਏ । ਉਨ੍ਹਾਂ ਨੂੰ ਗੁਰਮਤਿ ਦੇ ਧਾਰਨੀ ਬਣਾਉਣ ‘ਚ ਅਗਵਾਈ ਕਰੇ। ਭਾਈ ਅਰਮਜੀਤ ਸਿੰਘ ਚਾਵਲਾ ਨੇ ਦੱਸਿਆ ਕਿ ਕੈਂਪ ‘ਚ ਬੱਚਿਆਂ ਦੇ ਵੱਖ-ਵੱਖ ਮੁਕਾਬਲੇ ਜਿਵੇਂ ਗੁਰਬਾਣੀ ਕੰਠ ਮੁਕਾਬਲੇ, ਲਿਖਤੀ ਟੈਸਟ, ਕੁਇਜ ਮੁਕਾਬਲੇ, ਚਿੱਤਰਕਲਾ ਅਤੇ ਸੁੰਦਰ ਲਿਖਾਈ, ਸੋਹਣੀ ਦਸਤਾਰ, ਸਜਾਉਣ ਦੇ ਮੁਕਾਬਲੇ ਕਰਵਾਏ ਜਾਣਗੇ । ਜਿਸ ‘ਚ ਮੋਹਰੀ ਬੱਚਿਆਂ ਨੂੰ ਸਮਾਨਿਤ ਕੀਤਾ ਜਾਵੇਗਾ। ਅੱਜ ਦੇ ਸੈਸਨ ‘ਚ ਸਿੱਖ ਪੰਥ ਦੇ ਮਹਾਨ ਵਿਦਵਾਨ ਪ੍ਰੋ: ਹਰਪਾਲ ਸਿੰਘ ਪੰਨੂ, ਸੰਤ ਤੇਜਾ ਸਿੰਘ ਖੁੱਡਾ ਕੁਰਾਲਾ ਅਤੇ ਡਾ. ਜਸਪਾਲ ਸਿੰਘ ਦਿੱਲੀ ਵਾਲਿਆਂ ਵਲੋਂ ਆਪਣੇ ਜੀਵਨ ਦੇ ਕੀਮਤੀ ਅਨੁਭਵ ਸਾਂਝੇ ਕੀਤੇ। ਇਸ ਕੈਂਪ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਸਕੂਲਾਂ ਤੋਂ ਇਲਾਵਾ ਨੇੜਲੇ ਸਰਕਾਰੀ ਸਕੂਲੀ ਦੇ ਵੀ ਸੈਂਕੜੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੁੱਖ ਗ੍ਰੰਥੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਗਿਆਨੀ ਜੋਗਿੰਦਰ ਸਿੰਘ, ਮੈਨੇਜਰ ਸ. ਮਲਕੀਤ ਸਿੰਘ, ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ, ਸੂਚਨਾ ਅਫਸਰ ਹਰਪ੍ਰੀਤ ਸਿੰਘ, ਪਿ੍ਰੰ: ਸਰਬਜੀਤ ਸਿੰਘ ਪ੍ਰੀਵਾਰ ਵਿਛੋੜਾ ਸਕੂਲ, ਬਹਾਦਰ ਸਿੰਘ, ਬੀਬੀ ਇੰਦਰਜੀਤ ਕੌਰ, ਭਾਈ ਸਰਬਜੀਤ ਸਿੰਘ ਪ੍ਰਚਾਰਕ, ਭੁਪਿੰਦਰ ਸਿੰਘ ਬੀਕਾਪੁਰ, ਦਵਿੰਦਰ ਸਿੰਘ ਢਿੱਲੋਂ, ਰਵਿੰਦਰ ਸਿੰਘ ਸਰਕਲ ਪ੍ਰਧਾਨ ਅਕਾਲੀ ਦਲ ਆਦਿ ਹਾਜ਼ਰ ਹਨ।