ਮੋਰਿੰਡਾ, 30 ਮਾਰਚ (ਪਿ੍ਤਪਾਲ ਸਿੰਘ)-ਨਜ਼ਦੀਕੀ ਪਿੰਡ ਮੜੌਲੀ ਕਲਾਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਦਿਹਾੜੇ ਅਤੇ ਖਾਲਸਾ ਸਾਜਨਾ ਦਿਵਸ ਦੇ ਸਬੰਧ ਪੰਜ ਰੋਜ਼ਾ ਕਥਾ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਗੁਰਮੀਤ ਸਿੰਘ ਬਾਰੂ ਨੇ ਦੱਸਿਆ ਕਿ ਭਾਈ ਸੁਰਿੰਦਰਪਾਲ ਸਿੰਘ ਸੋਢੀ ਮੋਰਿੰਡਾ ਵਾਲਿਆਂ ਦੇ ਉਪਰਾਲੇ ਸਦਕਾ ਨਗਰ ਨਿਵਾਸੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਧਾਰਮਿਕ ਸਮਾਗਮ 1 ਅਪ੍ਰੈਲ ਤੋਂ 5 ਅਪ੍ਰੈਲ ਤੱਕ ਰੋਜਾਨਾ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਕਰਵਾਏ ਜਾਣਗੇ | ਇਸ ਸੰਬੰਧੀ 1 ਅਪ੍ਰੈਲ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ | ਉਪਰੰਤ ਸ਼ਾਮ 6 ਵਜੇ ਕੀਰਤਨ ਦਰਬਾਰ ਅਰੰਭ ਹੋਵੇਗਾ | ਇਸ ਸਮਾਗਮ ਦੌਰਾਨ ਰੋਜ਼ਾਨਾ 6 ਵਜੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਬੀਬੀਆਂ ਦੇ ਜਥੇ ਵਲੋਂ ਕੀਤੇ ਜਾਣਗੇ | ਇਸ ਧਾਰਮਿਕ ਸਮਾਗਮ ਦੌਰਾਨ ਬਾਬਾ ਅਵਤਾਰ ਸਿੰਘ ਧੂਲਕੋਟ ਵਾਲੇ, ਬਾਬਾ ਗੁਲਾਬ ਸਿੰਘ ਸ੍ਰੀ ਚਮਕੌਰ ਸਾਹਿਬ ਵਾਲੇ, ਬਾਬਾ ਰਵਿੰਦਰ ਸਿੰਘ ਜੌਨੀ, ਬਾਬਾ ਜੀਵਨ ਸਿੰਘ ਬਗੀਚੀ ਵਾਲੇ, ਬਾਬਾ ਗੁਰਪ੍ਰੀਤ ਸਿੰਘ ਭਾਮੀਆਂ ਵਾਲੇ, ਭਾਈ ਤੇਜਸਵਰਪ੍ਰਤਾਪ ਸਿੰਘ ਚੰਡੀਗੜ੍ਹ ਝੀਲ ਵਾਲੇ, ਬਾਬਾ ਜਸਵੀਰ ਸਿੰਘ ਖਾਲਸਾ ਸਮੇਤ ਕਈ ਮਹਾਂ ਪੁਰਖ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ | 5 ਅਪ੍ਰੈਲ ਨੂੰ ਦਸਤਾਰ ਅਤੇ ਲੰਮੇ ਕੇਸਾਂ ਦੇ ਮੁਕਾਬਲੇ ਕਰਵਾਏ ਜਾਣਗੇ |