ਮੋਰਿੰਡਾ, 30 ਮਾਰਚ (ਤਰਲੋਚਨ ਸਿੰਘ ਕੰਗ)-ਅੱਜ ਇੱਥੇ ਮੋਰਿੰਡਾ ਦੇ ਵਸਨੀਕ ਅਜੇ ਕੁਮਾਰ ਗਿੰਨੀ ਪੁੱਤਰ ਲਾਭ ਚੰਦ ਨੇ ਹਲਫੀਆ ਬਿਆਨ ਦਿੰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਅਸ਼ੋਕ ਲੇਲੈਂਡ ਬਰਾਂਡ ਦੀ ਯਸ਼ੋਦਾ ਮੋਟਰਜ਼ ਪ੍ਰਾਈਵੇਟ ਲਿਮਟਿਡ ਦੀ ਮੋਰਿੰਡਾ ਬਰਾਂਚ ਤੋਂ ਮਿਤੀ 16 ਜਨਵਰੀ 2026 ਨੂੰ 'ਅਸ਼ੋਕ ਲੇਲੈਂਡ ਸਾਥੀ ਐੱਲ.ਐੱਕਸ.' ਮਾਡਲ ਦੀ ਗੱਡੀ ਖਰੀਦੀ ਸੀ | ਅਜੇ ਕੁਮਾਰ ਗਿੰਨੀ ਦਾ ਕਹਿਣਾ ਹੈ ਕਿ ਪਹਿਲੇ ਦਿਨ ਤੋਂ ਹੀ ਉਨ੍ਹਾਂ ਦੀ ਗੱਡੀ ਵਿਚ ਕੁੱਝ ਤਕਨੀਕੀ ਨੁਕਸ ਸਨ | ਜਿਨ੍ਹਾਂ ਵਿਚ ਸਭ ਤੋਂ ਵੱਡਾ ਨੁਕਸ ਮੇਰੀ ਗੱਡੀ ਦੇ ਸ਼ੀਸ਼ਿਆਂ ਵਾਲੀ ਮਸ਼ੀਨ 'ਚ ਨੁਕਸ ਸੀ ਅਤੇ ਗੱਡੀ ਦੀਆਂ ਲਾਈਟਾਂ ਵੀ ਖਰਾਬ ਸਨ | ਅਜੇ ਕੁਮਾਰ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੇ ਮੋਰਿੰਡਾ ਬਰਾਂਚ ਤੋਂ ਗੱਡੀ ਖਰੀਦੀ ਸੀ ਤਾਂ ਮੋਰਿੰਡਾ ਬਰਾਂਚ ਦੇ ਮੈਨੇਜਰ ਬਲਵਿੰਦਰ ਸਿੰਘ ਨੇ ਉਸਨੂੰ ਭਰੋਸਾ ਦਿੱਤਾ ਸੀ ਕਿ ਗੱਡੀ ਦੀ ਸਰਵਿਸ ਅਤੇ ਵਾਰੰਟੀ ਉਸਨੂੰ ਮੋਰਿੰਡਾ ਵਿਚ ਹੀ ਮਿਲੇਗੀ | ਪ੍ਰੰਤੂ ਜਦੋਂ ਆਪਣੀ ਗੱਡੀ ਠੀਕ ਕਰਵਾਉਣ ਲਈ ਮੋਰਿੰਡਾ ਵਾਲੀ ਏਜੰਸੀ ਵਿਚ ਗਿਆ ਤਾਂ ਉੱਥੇ ਉਸਨੂੰ ਇਹ ਕਹਿ ਕੇ ਮੋੜ ਦਿੱਤਾ ਕੇ ਇਸਦਾ ਕੰਮ ਤਾਂ ਮੋਹਾਲੀ ਤੋਂ ਹੋਵੇਗਾ ਤੇ ਸਰਵਿਸ ਵੀ ਤੁਹਾਨੂੰ ਮੋਹਾਲੀ ਬਰਾਂਚ ਤੋਂ ਮਿਲੇਗੀ | ਅਜੇ ਕੁਮਾਰ ਦਾ ਕਹਿਣਾ ਹੈ ਕਿ ਜਦੋਂ ਉਹ ਮੋਹਾਲੀ 7 ਫੇਜ਼ ਵਾਲੀ ਬਰਾਂਚ 'ਚ ਸਰਵਿਸ ਕਰਾਉਣ ਗਏ ਤਾਂ ਉੱਥੇ ਵੀ ਨਾ ਤਾਂ ਉਹਨਾਂ ਨੇ ਮੇਰੀ ਗੱਡੀ ਦੀ ਸਫਾਈ ਕੀਤੀ ਤੇ ਨਾ ਹੀ ਮੇਰੀ ਗੱਡੀ ਦੇ ਤਕਨੀਕੀ ਨੁਕਸ ਠੀਕ ਕੀਤੇ | ਜਦੋਂ ਦੁਬਾਰਾ ਉਹ ਮੋਰਿੰਡਾ ਬਰਾਂਚ ਆਇਆ ਤਾਂ ਉਸਨੇ ਏਜੰਸੀ ਵਾਲਿਆਂ ਨੂੰ ਬੇਨਤੀ ਕੀਤੀ ਕਿ ਮੇਰੀ ਗੱਡੀ ਨੂੰ ਠੀਕ ਕਰ ਦਿੱਤਾ ਜਾਵੇ | ਅਜੇ ਕੁਮਾਰ ਗਿੰਨੀ ਨੇ ਮੋਰਿੰਡਾ ਬਰਾਂਚ ਦੇ ਮੈਨੇਜਰ ਬਲਵਿੰਦਰ ਸਿੰਘ 'ਤੇ ਦੋਸ਼ ਲਗਾਇਆ ਕਿ ਉਸਨੇ ਉਸਦੀ ਨਾ ਤਾਂ ਕੋਈ ਗੱਲ ਸੁਣੀ, ਉਲਟਾ ਉਸਨੂੰ ਗੱਡੀ ਦੀ ਰਿਪੇਅਰ ਪਟਿਆਲੇ ਲਾਗੇ ਬਹਾਦਰਗੜ ਲਿਜਾ ਕੇ ਕਰਾਉਣ ਲਈ ਕਹਿ ਦਿੱਤਾ | ਇਸੇ ਸਬੰਧ ਵਿਚ ਜਦੋਂ ਯਸ਼ੋਦਾ ਮੋਟਰਜ਼ ਪ੍ਰਾਈਵੇਟ ਲਿਮਟਿਡ ਮੋਰਿੰਡਾ ਬਰਾਂਚ ਦੇ ਮੈਨੇਜਰ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਸਾਡੇ ਕੋਲ ਮੋਰਿੰਡਾ ਬਰਾਂਚ 'ਚ ਡੈਂਟਰ ਦੀ ਸਹੂਲਤ ਨਹੀਂ ਹੈ | ਅਸੀਂ ਬਹਾਦਰਗੜ ਗੱਡੀ ਭੇਜ ਕੇ ਹੀ ਠੀਕ ਕਰਵਾਉਂਦੇ ਹਾਂ | ਅਗਰ ਕੋਈ ਗ੍ਰਾਹਕ ਬਹਾਦਰਗੜ ਜਾਂ ਮੋਹਾਲੀ ਨਹੀਂ ਜਾਣਾ ਚਾਹੁੰਦਾ ਤਾਂ ਅਸੀਂ ਬਹਾਦਰਗੜ ਤੇ ਮੋਹਾਲੀ ਤੋਂ ਮਕੈਨਿਕ ਬੁਲਾ ਕੇ ਸਰਵਿਸ ਅਤੇ ਬਾਕੀ ਹੋਰ ਕੰਮ ਮੋਰਿੰਡਾ 'ਚ ਹੀ ਕਰਵਾ ਦਿੰਦੇ ਹਾਂ | ਬਲਵਿੰਦਰ ਸਿੰਘ ਦਾ ਕਹਿਣਾ ਹੈ ਕੇ ਜੋ ਵੀ ਅਜੇ ਕੁਮਾਰ ਗਿੰਨੀ ਦੀ ਗੱਡੀ ਵਿਚ ਸਮੱਸਿਆ ਹੈ, ਉਸਨੂੰ ਬਹੁਤ ਜਲਦ ਠੀਕ ਕਰਵਾ ਦਿੱਤਾ ਜਾਵੇਗਾ |