19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਨਗਰ ਕੌਂਸਲ ਰੂਪਨਗਰ ਦੀ ਮੀਟਿੰਗ ਮੱਛੀ ਮਾਰਕੀਟ ਬਣੀ

ਅਜੀਤ ਡੈਸਕ 31-03-2026
ਰੂਪਨਗਰ, 30 ਮਾਰਚ (ਸਤਨਾਮ ਸਿੰਘ ਸੱਤੀ)-ਨਗਰ ਕੌਂਸਲ ਰੂਪਨਗਰ 'ਚ ਬਜਟ ਅਤੇ ਜਨਰਲ ਮੀਟਿੰਗ ਦੌਰਾਨ ਅੱਜ ਇੰਨਾ ਹੰਗਾਮਾ ਵੇਖਣ ਨੂੰ ਮਿਲਿਆ, ਜਿੱਥੇ ਕਾਂਗਰਸੀ ਕੌਂਸਲਰਾਂ ਵਿਚਕਾਰ ਤਿੱਖੀਆਂ ਬਹਿਸਾਂ ਅਤੇ ਦੋਸ਼-ਪ੍ਰਤੀਦੋਸ਼ਾਂ ਨੇ ਮਾਹੌਲ ਗਰਮ ਕਰ ਦਿੱਤਾ | ਲੰਬਾ ਸਮਾਂ ਹੁੰਦੇ ਹੰਗਾਮੇ ਵਿਚ ਇੰਜ ਜਾਪਿਆ ਜਿਵੇਂ ਕੋਈ ਮੱਛੀ ਮਾਰਕੀਟ ਵਿਚ ਰੌਲਾ ਪੈਂਦਾ ਹੋਵੇ | ਤਿੰਨ ਦਿਨ ਪਹਿਲਾਂ ਰੱਖੀਆਂ ਗਈਆਂ ਇਹ ਮੀਟਿੰਗਾਂ ਕੋਰਮ ਪੂਰਾ ਨਾ ਹੋਣ ਕਾਰਨ ਮੁਲਤਵੀ ਹੋ ਗਈਆਂ ਸੀ, ਜਿਨ੍ਹਾਂ ਨੂੰ ਅੱਜ ਦੁਬਾਰਾ ਕਰਵਾਇਆ ਗਿਆ | ਮੀਟਿੰਗ ਦੀ ਸ਼ੁਰੂਆਤ ਤੋਂ ਹੀ ਕਾਂਗਰਸੀ ਕੌਂਸਲਰ ਅਮਰਜੀਤ ਸਿੰਘ ਜੋਲੀ, ਰਜੇਸ਼ ਕੁਮਾਰ ਸਮੇਤ ਹੋਰਾਂ ਨੇ ਪ੍ਰਧਾਨ ਅਸ਼ੋਕ ਵਾਹੀ ਦੇ ਰਵੱਈਏ 'ਤੇ ਇਤਰਾਜ਼ ਜਤਾਉਣੇ ਸ਼ੁਰੂ ਕਰ ਦਿੱਤੇ | ਸ਼ੁਰੂਆਤੀ ਹੰਗਾਮੇ ਤੋਂ ਬਾਅਦ ਬਜਟ ਮੀਟਿੰਗ ਤਾਂ ਸਰਬਸੰਮਤੀ ਨਾਲ ਪਾਸ ਕਰ ਦਿੱਤੀ ਗਈ, ਪਰ ਜਨਰਲ ਮੀਟਿੰਗ ਦੌਰਾਨ ਹਾਲਾਤ ਦੁਬਾਰਾ ਤਣਾਅਪੂਰਨ ਹੋ ਗਏ | ਕੌਂਸਲਰਾਂ ਨੇ ਵੱਖ-ਵੱਖ ਮੱਦਾਂ ਅਤੇ ਵਿਕਾਸ ਕਾਰਜਾਂ ਨੂੰ ਲੈ ਕੇ ਪ੍ਰਧਾਨ 'ਤੇ ਪੱਖਪਾਤ ਅਤੇ ਅਣਸੁਣੀ ਦੇ ਦੋਸ਼ ਲਗਾਉਂਦੇ ਹੋਏ ਅਸਤੀਫੇ ਤੱਕ ਦੀ ਮੰਗ ਵੀ ਕਰ ਦਿੱਤੀ ਪਰ ਪ੍ਰਧਾਨ ਦੀ ਚੁਣੌਤੀ ਤੋਂ ਬਾਅਦ ਇਕ ਕੌਂਸਲਰ ਤੋਂ ਇਲਾਵਾ ਹੋਰ ਕਿਸੇ ਕੌਂਸਲਰ ਨੇ ਅਸਤੀਫੇ ਲਈ ਹੁੰਗਾਰਾ ਨਹੀਂ ਭਰਿਆ | ਇਸ ਦੌਰਾਨ ਸਾਬਕਾ ਪ੍ਰਧਾਨ ਸੰਜੇ ਵਰਮਾ ਨੇ ਮੀਟਿੰਗ ਵਿਚ ਪਹੁੰਚ ਕੇ ਪ੍ਰਧਾਨ ਅਸ਼ੋਕ ਵਾਹੀ 'ਤੇ ਗੰਭੀਰ ਦੋਸ਼ ਲਗਾਏ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਗੱਦੀ ਤੋਂ ਲਾਹੁਣ ਲਈ ਉਸ ਖ਼ਿਲਾਫ਼ ਸਾਜ਼ਿਸ਼ ਰਚੀ ਗਈ ਸੀ, ਜਿਸ ਵਿਚ ਉਸਨੇ ਕੌਂਸਲ ਪ੍ਰਧਾਨ ਅਸ਼ੋਕ ਵਾਹੀ ਸਮੇਤ ਆਪਣੇ ਸਾਥੀ ਕੌਂਸਲਰਾਂ ਸਮੇਤ ਆਪਣਾ ਆਗੂ ਬਰਿੰਦਰ ਢਿੱਲੋਂ ਵੀ ਇਸ ਸਾਜ਼ਿਸ਼ ਵਿਚ ਸ਼ਾਮਿਲ ਕਰ ਲਿਆ, ਉਹਨਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਕੰਮ ਠੱਪ ਪਏ ਹਨ ਅਤੇ ਕੌਂਸਲਰਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ | ਉਨ੍ਹਾਂ ਦੋਸ਼ ਲਾਏ ਕਿ ਵਾਹੀ ਨੇ ਕਾਂਗਰਸ ਨਾਲ ਵਫ਼ਾਦਾਰੀ ਨਹੀਂ ਨਿਭਾਈ | ਇਸ 'ਤੇ ਅਸ਼ੋਕ ਵਾਹੀ ਨੇ ਜਵਾਬ ਦਿੰਦਿਆਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਕਾਂਗਰਸ ਦੇ ਸਿਪਾਹੀ ਵਜੋਂ ਚੋਣਾਂ ਲੜਦੇ ਅਤੇ ਜਿੱਤਦੇ ਆ ਰਹੇ ਹਨ ਅਤੇ ਇਹ ਦੋਸ਼ ਬੇਬੁਨਿਆਦ ਹਨ | ਮੀਟਿੰਗ ਦੌਰਾਨ ਕਈ ਕੌਂਸਲਰਾਂ ਨੇ ਆਪਣੇ-ਆਪਣੇ ਵਾਰਡਾਂ ਵਿਚ ਵਿਕਾਸ ਕੰਮ ਨਾ ਹੋਣ, ਠੇਕੇਦਾਰਾਂ ਦੀ ਲਾਪਰਵਾਹੀ ਅਤੇ ਕੰਮ ਲਟਕਣ ਦੇ ਮਸਲੇ ਉਠਾਏ | ਕੁੱਝ ਮਹਿਲਾ ਕੌਂਸਲਰਾਂ ਨੇ ਵੀ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਆਵਾਜ਼ ਉਠਾਈ | ਇਸ 'ਤੇ ਪ੍ਰਧਾਨ ਅਸ਼ੋਕ ਵਾਹੀ ਨੇ ਕਿਹਾ ਕਿ ਜੇ ਕੋਈ ਠੇਕੇਦਾਰ ਕੰਮ ਵਿਚ ਦੇਰੀ ਕਰਦਾ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਕੌਂਸਲ ਕੋਲ ਫੰਡ ਦੀ ਕੋਈ ਘਾਟ ਨਹੀਂ ਹੈ | ਲੰਬੀ ਬਹਿਸ ਅਤੇ ਤਣਾਅ ਤੋਂ ਬਾਅਦ ਮੀਟਿੰਗ ਦੇ ਅਖੀਰ ਵਿਚ ਮਾਹੌਲ ਸ਼ਾਂਤ ਹੋ ਗਿਆ ਅਤੇ ਕੌਂਸਲਰ ਆਪਣੇ-ਆਪਣੇ ਵਾਰਡਾਂ ਦੇ ਵਿਕਾਸ ਕਾਰਜਾਂ ਲਈ ਪ੍ਰਸਤਾਵ ਦੇ ਕੇ ਅਤੇ ਪ੍ਰਧਾਨ ਦੇ ਕਹਿਣ ਤੇ 20-20 ਲੱਖ ਤੇ ਕੰਮ ਪਵਾ ਕੇ ਮੀਟਿੰਗ ਤੋਂ ਰਵਾਨਾ ਹੋ ਗਏ | ਮੀਟਿੰਗ ਤੋਂ ਬਾਅਦ ਪ੍ਰਧਾਨ ਅਸ਼ੋਕ ਵਾਹੀ ਨੇ ਕਿਹਾ ਕਿ ਆਪਸੀ ਸਹਿਯੋਗ ਅਤੇ ਗੱਲਬਾਤ ਨਾਲ ਹੀ ਮਸਲੇ ਹੱਲ ਹੋ ਸਕਦੇ ਹਨ, ਜਦਕਿ ਕੌਂਸਲਰਾਂ ਨੇ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਗੱਲਾਂ ਨਾ ਸੁਣੀਆਂ ਗਈਆਂ ਤਾਂ ਵਿਰੋਧ ਜਾਰੀ ਰਹੇਗਾ | ਅਮਰਜੀਤ ਸਿੰਘ ਜੌਲੀ ਨੇ ਕਿਹਾ ਕਿ ਪ੍ਰਧਾਨ ਜੀ ਨੂੰ ਚਾਹੀਦਾ ਹੈ ਕਿ ਜਿਹੜੇ ਠੇਕੇਦਾਰ ਕੰਮ ਨਹੀਂ ਕਰਦੇ, ਉਹਨਾਂ ਨੂੰ ਬਲੈਕ ਲਿਸਟ ਕੀਤਾ ਜਾਵੇ, ਜਦੋਂ ਕਿ ਰਜੇਸ਼ ਕੁਮਾਰ ਨੇ ਕਿਹਾ ਕਿ ਜੇ ਪ੍ਰਧਾਨ ਜੀ ਪਹਿਲਾਂ ਹੀ ਸਾਰੇ ਵਾਰਡਾਂ ਦੇ 20 ਲੱਖ ਦੇ ਕੰਮ ਪਾ ਦਿੰਦੇ ਤਾਂ ਇਹ ਅੱਜ ਦੀ ਇੰਨੇ ਹੰਗਾਮੇ ਦੀ ਲੋੜ ਹੀ ਨਾ ਪੈਂਦੀ | ਜਦੋਂ ਕਿ ਕੌਂਸਲਰ ਗੁਰਮੀਤ ਸਿੰਘ ਰਿੰਕੂ ਉਹਨਾਂ ਦੇ ਵਾਰਡ ਵਿਚ ਹਲਕਾ ਵਿਧਾਇਕ ਵਲੋਂ ਕੰਮ ਬੰਦ ਕਰਾਉਣ ਦੇ ਸਵਾਲ 'ਤੇ ਸਾਫ ਮੁੱਕਰ ਗਏ ਅਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਪਰ ਐਮ.ਐਲ.ਏ. ਖੁਦ ਨੇ ਕੰਮ ਕੋਈ ਬੰਦ ਨਹੀਂ ਕਰਾਇਆ, ਕੁੱਝ ਲੋਕਾਂ ਨੇ ਕੰਮ ਬੰਦ ਕਰਵਾਇਆ ਸੀ, ਪਤਾ ਨਹੀਂ ਉਹ ਕੌਣ ਸਨ | ਅਖੀਰ 'ਚ ਮੀਟਿੰਗ 'ਚ ਸ਼ਾਮਿਲ ਸਾਰੇ ਮਤੇ ਸਰਬ ਸੰਮਤੀ ਨਾਲ ਪਾਸ ਹੋ ਗਏ |
ਪਿਛਲੀ ਖ਼ਬਰ ਗੱਡੀ ਦੇ ਡੀਲਰ 'ਤੇ ਨਵੀਂ ਗੱਡੀ ਦੀ ਸਰਵਿਸ ਨਾ ਦੇਣ ਦਾ ਲਗਾਇਆ ਦੋਸ਼ ਅਗਲੀ ਖ਼ਬਰ ਨੰਗਲ ਜੁਡੀਸ਼ੀਅਲ ਕੋਰਟ ਕੰਪਲੈਕਸ ਨੂੰ ਉਡਾਉਣ ਦੀ ਧਮਕੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।