ਨੰਗਲ, 30 ਮਾਰਚ (ਪ੍ਰੀਤਮ ਸਿੰਘ ਬਰਾਰੀ)-ਨੰਗਲ ਜੁਡੀਸ਼ੀਅਲ ਕੋਰਟ ਕੰਪਲੈਕਸ ਨੂੰ ਉਡਾਉਣ ਦੀ ਧਮਕੀ ਤੋਂ ਬਾਅਦ, ਡੀ.ਐਸ.ਪੀ. ਨੰਗਲ ਹਰਕੀਰਤ ਸਿੰਘ ਅਤੇ ਪੁਲਿਸ ਥਾਣਾ ਮੁਖੀ ਨੰਗਲ ਇੰਸਪੈਕਟਰ ਸਿਮਰਨਜੀਤ ਸਿੰਘ ਸੈਣੀ ਸਮੇਤ ਪੁਲਿਸ ਪਾਰਟੀ ਪਹੁੰਚੇ ਅਤੇ ਬਾਰੀਕੀ ਨਾਲ ਤਲਾਸ਼ੀ ਮੁਹਿੰਮ ਚਲਾਈ, ਜਿਸ ਵਿਚ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ | ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਨੰਗਲ ਦੇ ਐਸ.ਐਚ.ਓ. ਇੰਸਪੈਕਟਰ ਸਿਮਰਨਜੀਤ ਸਿੰਘ ਨੇ ਕਿਹਾ, ਜਿਵੇਂ ਹੀ ਪੁਲਿਸ ਨੂੰ ਸੂਚਨਾ ਮਿਲੀ, ਨੰਗਲ ਦੇ ਡੀ.ਐਸ.ਪੀ. ਹਰਕੀਰਤ ਸਿੰਘ ਅਤੇ ਮੈਂ, ਇੱਕ ਪੁਲਿਸ ਟੀਮ ਦੇ ਨਾਲ ਅਦਾਲਤ ਕੰਪਲੈਕਸ ਪਹੁੰਚੇ ਅਤੇ ਪੂਰੀ ਜਾਂਚ ਕੀਤੀ | ਉਨ੍ਹਾਂ ਅੱਗੇ ਕਿਹਾ ਕਿ ਜਾਂਚ ਦੌਰਾਨ ਕੋਈ ਸ਼ੱਕੀ ਵਸਤੂ ਨਹੀਂ ਮਿਲੀ, ਪਰ ਸਾਵਧਾਨੀ ਵਜੋਂ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਦਾਲਤ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ | ਕਿਉਂਕਿ ਅਦਾਲਤ ਕੰਪਲੈਕਸ ਬੀ.ਬੀ.ਐਮ.ਬੀ. ਖੇਤਰ ਵਿਚ ਸਥਿਤ ਹੈ, ਇਸ ਲਈ ਬੀ.ਬੀ.ਐਮ.ਬੀ. ਵਿਖੇ ਸੁਰੱਖਿਆ ਲਈ ਤਾਇਨਾਤ ਸੀ.ਆਈ.ਐਸ.ਐਫ. ਟੀਮ ਨੇ ਵੀ ਸਥਿਤੀ ਦਾ ਮੁਲਾਂਕਣ ਕੀਤਾ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕੀਤੀ | ਐਸ.ਐਚ.ਓ. ਸਿਮਰਨਜੀਤ ਸਿੰਘ ਨੇ ਕਿਹਾ ਕਿ ਕੁੱਝ ਸ਼ਰਾਰਤੀ ਲੋਕ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਘਬਰਾਉਣ ਦੀ ਲੋੜ ਨਹੀਂ ਹੈ | ਦੂਜੇ ਪਾਸੇ ਇਸ ਸਬੰਧੀ ਜਦੋਂ ਐਸ.ਐਸ.ਪੀ. ਰੂਪਨਗਰ ਮਨਿੰਦਰ ਸਿੰਘ ਆਈ.ਪੀ.ਐਸ. ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅੱਜ ਐਨ.ਐਫ.ਐਲ. ਸਟੇਡੀਅਮ ਨਵਾਂ ਨੰਗਲ ਵਿਖੇ ਹੋਣ ਵਾਲੀ ਰੈਲੀ ਸਥਾਨ ਦਾ ਦੌਰਾ ਕਰਨ ਲਈ ਪਹੁੰਚੇ ਹੋਏ ਸਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪੁਲਿਸ ਵਲੋਂ ਬਾਰੀਕੀ ਨਾਲ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਤਿੰਨ ਜ਼ਿਲਿ੍ਹਆਂ ਤੋਂ ਚੈਕਿੰਗ ਲਈ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਅਣਸਖਾਮੀ ਘਟਨਾ ਨਾ ਵਾਪਰ ਸਕੇ | ਉਹਨਾਂ ਕਿਹਾ ਕਿ ਲੋਕਾਂ ਨੂੰ ਅਫਵਾਹਾਂ ਵਿਚ ਆਉਣ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ | ਪੁਲਿਸ ਪੂਰੀ ਤਰ੍ਹਾਂ ਚੌਕਸੀ ਰੱਖ ਰਹੀ ਹੈ | ਇਸ ਮੌਕੇ ਉਹਨਾਂ ਨਾਲ ਡੀ.ਐਸ.ਪੀ. ਹਰਕੀਰਤ ਸਿੰਘ ਵੀ ਮੌਜੂਦ ਸਨ |