19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਥਰਮਲ ਪਲਾਂਟ ਦੀਆਂ ਝੀਲਾਂ ਕਾਰਨ ਪੈਦਾ ਸੇਮ ਖ਼ਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ

ਅਜੀਤ ਡੈਸਕ 31-03-2026
ਰੂਪਨਗਰ, 30 ਮਾਰਚ (ਸਤਨਾਮ ਸਿੰਘ ਸੱਤੀ)-ਇਲਾਕਾ ਸੰਘਰਸ਼ ਕਮੇਟੀ ਲੋਦੀ ਮਾਜਰਾ-ਘਨੌਲੀ ਵਲੋਂ ਥਰਮਲ ਪਲਾਂਟ ਰੋਪੜ ਦੀਆਂ ਝੀਲਾਂ ਤੋਂ ਪੈਦਾ ਹੋ ਰਹੀ ਸੇਮ ਦੇ ਮਸਲੇ ਨੂੰ ਲੈ ਕੇ ਮਹਾਰਾਜਾ ਰਣਜੀਤ ਸਿੰਘ ਬਾਗ ਰੂਪਨਗਰ ਵਿਖੇ ਪੀੜਤ ਕਿਸਾਨਾਂ ਸਮੇਤ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਿਸਾਨਾਂ ਨੇ ਆਪਣੀਆਂ ਮੰਗਾਂ ਉੱਠਾਈਆਂ | ਇਸ ਮੌਕੇ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ ਲੋਦੀ ਮਾਜਰਾ ਅਤੇ ਗਿਆਨ ਸਿੰਘ ਘਨੌਲੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਰੂਪਨਗਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨਿਰਮਲ ਸਿੰਘ ਲੋਧੀ ਮਾਜਰਾ, ਗਿਆਨ ਸਿੰਘ ਘਨੌਲੀ, ਕਿਸਾਨ ਆਗੂ ਹਰਦੇਵ ਸਿੰਘ ਖੇੜੀ, ਮਾਸਟਰ ਅਵਤਾਰ ਸਿੰਘ ਅਤੇ ਮਾਸਟਰ ਜਗਤਾਰ ਸਿੰਘ ਨੇ ਕਿਹਾ ਕਿ ਥਰਮਲ ਅਤੇ ਅੰਬੂਜਾ ਦੀਆਂ ਝੀਲਾਂ ਤੋਂ ਰਿਸਦਾ ਪਾਣੀ ਪਿੰਡ ਦਬੁਰਜੀ, ਗੁੰਨੋ ਮਾਜਰਾ, ਮਦੋ ਮਾਜਰਾ ਅਤੇ ਰਣਜੀਤਪੁਰ ਸਮੇਤ ਕਈ ਪਿੰਡਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾ ਰਿਹਾ ਹੈ | ਮਹਿੰਗੇ ਬੀਜਾਂ ਅਤੇ ਸਪਰੇਆਂ ਨਾਲ ਤਿਆਰ ਕੀਤੀਆਂ ਕਣਕਾਂ ਸੇਮ ਕਾਰਨ ਨਸ਼ਟ ਹੋ ਰਹੀਆਂ ਹਨ ਅਤੇ ਸੈਂਕੜੇ ਬਿੱਘੇ ਜ਼ਮੀਨ ਬੇਕਾਰ ਹੋ ਚੁੱਕੀ ਹੈ | ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਬਾਰ-ਬਾਰ ਧਰਨੇ ਦੇਣ ਦੇ ਬਾਵਜੂਦ ਥਰਮਲ ਪ੍ਰਬੰਧਕਾਂ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਚੇਤਾਵਨੀ ਦਿੱਤੀ ਕਿ ਇਹ ਹਾਲਾਤ ਕਿਸਾਨਾਂ ਨੂੰ ਆਰਥਿਕ ਤੰਗੀ ਅਤੇ ਖੁਦਕੁਸ਼ੀਆਂ ਵੱਲ ਧੱਕ ਰਹੇ ਹਨ | ਕਿਸਾਨਾਂ ਨੇ ਮੰਗ ਕੀਤੀ ਕਿ ਝੀਲਾਂ ਤੋਂ ਪੈਦਾ ਹੋ ਰਹੀ ਸੇਮ ਤੁਰੰਤ ਖਤਮ ਕੀਤੀ ਜਾਵੇ, ਨਸ਼ਟ ਹੋਈਆਂ ਫਸਲਾਂ ਲਈ 70000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਅਤੇ 8 ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ ਪਿੰਡਾਂ ਨੂੰ ਰਾਖ ਚੁੱਕਣ ਦੀ ਇਜਾਜ਼ਤ ਦਿੱਤੀ ਜਾਵੇ | ਆਗੂਆਂ ਨੇ ਐਲਾਨ ਕੀਤਾ ਕਿ 3 ਅਪ੍ਰੈਲ ਨੂੰ ਅੰਬੇਡਕਰ ਸਾਹਿਬ ਦੇ ਬੁੱਤ ਅੱਗੇ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਮੁਆਵਜ਼ਾ ਕਿਸਾਨਾਂ ਲਈ ਦਾਨ ਨਹੀਂ, ਸਗੋਂ ਸਰਕਾਰ ਦੀ ਨੈਤਿਕ ਅਤੇ ਕਾਨੂੰਨੀ ਜ਼ਿੰਮੇਵਾਰੀ ਹੈ | ਇਸ ਮੌਕੇ ਗੁਰਿੰਦਰ ਸਿੰਘ, ਅਜੈਬ ਸਿੰਘ, ਮਾਸਟਰ ਅਵਤਾਰ ਸਿੰਘ, ਮਾਸਟਰ ਜਗਤਾਰ ਸਿੰਘ ਸਮੇਤ ਕਈ ਕਿਸਾਨ ਅਤੇ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਨੰਗਲ ਜੁਡੀਸ਼ੀਅਲ ਕੋਰਟ ਕੰਪਲੈਕਸ ਨੂੰ ਉਡਾਉਣ ਦੀ ਧਮਕੀ <br/> ਅਗਲੀ ਖ਼ਬਰ ਬੇਲਾ ਕਾਲਜ ਦਾ ਵਿਦਿਆਰਥੀ ਸੁਖਰਾਜ ਹੀਰਾ ਬਣੇਗਾ ਲੈਫਟੀਨੈਂਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।