ਬੇਲਾ, 30 ਮਾਰਚ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਬੀ.ਏ. ਕਰ ਚੁੱਕੇ ਵਿਦਿਆਰਥੀ ਸੁਖਰਾਜ ਹੀਰਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਉਸ ਨੇ ਕੰਬਾਇਨਡ ਡਿਫੈਂਸ ਸਰਵਿਸਿਜ਼ ਪ੍ਰੀਖਿਆ ਦਾ ਪੇਪਰ ਪਾਸ ਕਰਕੇ ਕਾਲਜ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਇਸ ਉਪਲੱਬਧੀ ਤੋਂ ਬਾਅਦ ਸੁਖਰਾਜ ਹੀਰਾ ਹੁਣ ਆਫੀਸਰਜ ਟਰੇਨਿੰਗ ਅਕੈਡਮੀ ਚੇਨਈ (ਓ.ਟੀ.ਏ. ਚੇਨਈ) ਵਿਖੇ ਸਿਖਲਾਈ ਲਈ ਜਾ ਰਿਹਾ ਹੈ | ਸਿਖਲਾਈ ਪੂਰੀਹੋਣ ਤੋਂ ਬਾਅਦ ਉਹ ਭਾਰਤੀ ਫੌਜ ਵਿਚ ਲੈਫਟੀਨੈਂਟ ਦੇ ਅਹੁਦੇ 'ਤੇ ਤਾਇਨਾਤ ਹੋਵੇਗਾ | ਕਾਲਜ ਪ੍ਰਬੰਧਕ ਕਮੇਟੀ ਦੇ ਮੈਨੇਜਰ ਸੁਖਵਿੰਦਰ ਸਿੰਘ ਵਿਸਕੀ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਸ ਤਰ੍ਹਾਂ ਦੀਆਂ ਉਪਲੱਬਧੀਆਂ ਨਾਲ ਕਾਲਜ ਦੀ ਸ਼ੋਭਾ ਵਧਦੀ ਹੈ ਅਤੇ ਸਾਨੂੰ ਆਪਣੇ ਵਿਦਿਆਰਥੀਆਂ 'ਤੇ ਮਾਣ ਹੈ | ਪਿ੍ੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਸੁਖਰਾਜ ਹੀਰਾ ਦੀ ਇਹ ਕਾਮਯਾਬੀ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਸਰੋਤ ਹੈ | ਮਿਹਨਤ ਅਤੇ ਲਗਨ ਨਾਲ ਹਰ ਵਿਦਿਆਰਥੀ ਆਪਣਾ ਟੀਚਾ ਹਾਸਿਲ ਕਰ ਸਕਦਾ ਹੈ | ਅੰਤ ਵਿਚ ਕਾਲਜ ਵਲੋਂ ਸੁਖਰਾਜ ਹੀਰਾ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰੋ. ਸੁਨੀਤਾ ਰਾਣੀ, ਪ੍ਰੋ.ਪਿ੍ਤਪਾਲ ਸਿੰਘ, ਪ੍ਰੋ. ਅਮਰਜੀਤ ਸਿੰਘ, ਡਾ. ਮਮਤਾ ਅਰੋੜਾ, ਡਾ. ਹਰਪ੍ਰੀਤ ਕੌਰ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ ਵੀ ਹਾਜ਼ਰ ਸਨ |