ਪੁਰਖਾਲੀ, 25 ਮਾਰਚ (ਅੰਮਿ੍ਤਪਾਲ ਸਿੰਘ ਬੰਟੀ)-ਇਲਾਕੇ ਦੇ ਲੋਕਾਂ ਨੂੰ ਗੈਸ ਸਿਲੰਡਰਾਂ ਦੇ ਨਾਲ ਨਾਲ ਪੈਟਰੋਲ ਅਤੇ ਡੀਜ਼ਲ ਨਾ ਮਿਲਣ ਕਾਰਨ ਭਾਰੀ ਪਰੇਸ਼ਾਨੀ 'ਚ ਨੂੰ ਗੁਜਰਨਾ ਪੈ ਰਿਹਾ ਹੈ | ਜਿਸ ਕਾਰਨ ਇਲਾਕੇ ਅੰਦਰ ਹਾਹਾਕਾਰ ਮਚੀ ਹੋਈ ਹੈ | ਇਸ ਸਬੰਧੀ ਇਲਾਕਾ ਵਾਸੀਆਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਨੂੰ ਗੈਸ ਸਿਲੰਡਰਾਂ ਦੀ ਸਪਲਾਈ ਨਾ ਮਿਲਣ ਕਾਰਨ ਘਰਾਂ 'ਚ ਖਾਣਾ ਬਣਾਉਣਾ ਅਤੇ ਚਾਹ ਪਾਣੀ ਤਿਆਰ ਕਰਨਾ ਸਭ ਔਖਾ ਹੋ ਗਿਆ ਹੈ | ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਗੈਸ ਸਿਲੰਡਰ ਨਾ ਮਿਲਣ ਕਾਰਨ ਉਹਨਾਂ ਦੇ ਘਰਾਂ 'ਚ ਕਲੇਸ਼ ਪੈ ਰਹੇ ਹਨ | ਲੋਕਾਂ ਨੇ ਦੱਸਿਆ ਕਿ ਘਰਾਂ 'ਚ ਔਰਤਾਂ ਉਹਨਾਂ ਨੂੰ ਗੈਸ ਸਿਲੰਡਰ ਲਿਆਉਣ ਲਈ ਕਹਿ ਰਹੀਆਂ ਹਨ, ਪਰੰਤੂ ਉਹ ਗੈਸ ਸਿਲੰਡਰ ਲਿਆਉਣ ਕਿੱਥੋਂ | ਲੋਕਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਹਨਾਂ ਨੂੰ ਪਿਛਲੇ ਕਈ ਦਿਨਾਂ ਤੋਂ ਇਲਾਕੇ ਦੇ ਪੈਟਰੋਲ ਪੰਪਾਂ ਤੋਂ ਪੈਟਰੋਲ ਅਤੇ ਡੀਜ਼ਲ ਵੀ ਨਹੀਂ ਮਿਲ ਰਿਹਾ ਤੇ ਪੈਟਰੋਲ ਪੰਪ ਇੱਕ ਤਰਾਂ ਦੇ ਬੰਦ ਹੀ ਪਏ ਹਨ | ਲੋਕਾਂ ਨੇ ਦੱਸਿਆ ਕਿ ਜਦ ਉਹ ਪੈਟਰੋਲ ਪੰਪਾਂ ਵਾਲਿਆਂ ਨੂੰ ਤੇਲ ਬਾਰੇ ਪੁੱਛਦੇ ਹਨ ਤਾਂ ਉਹ ਇਹ ਆਖ ਦਿੰਦੇ ਹਨ ਕਿ ਪਿੱਛੋਂ ਸਪਲਾਈ ਨਹੀਂ ਆ ਰਹੀ | ਉਹਨਾਂ ਦੱਸਿਆ ਕਿ ਪੈਟਰੋਲ ਪੰਪਾਂ ਤੋਂ ਪੈਟਰੋਲ ਤੇ ਡੀਜ਼ਲ ਨਾ ਮਿਲਣ ਕਾਰਨ ਲੋਕਾਂ ਨੂੰ ਆਪਣੇ ਕੰਮਾਂ ਕਾਰਾਂ ਤੇ ਜਾਣਾ ਬਹੁਤ ਔਖਾ ਹੋਇਆ ਪਿਆ ਹੈ | ਇਸ ਸਬੰਧੀ ਕਿਸਾਨ ਆਗੂ ਕੁਲਵਿੰਦਰ ਸਿੰਘ ਪੰਜੋਲਾ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗੈਸ ਏਜੰਸੀਆਂ ਤੋਂ ਇਲਾਕੇ ਅੰਦਰ ਗੈਸ ਦੀ ਸਪਲਾਈ ਯਕੀਨੀ ਬਣਾਈ ਜਾਵੇ | ਇਸ ਤੋਂ ਇਲਾਵਾ ਇਲਾਕੇ ਦੇ ਪੈਟਰੋਲ ਪੰਪਾਂ ਤੋਂ ਪੈਟਰੋਲ ਅਤੇ ਡੀਜ਼ਲ ਮਿਲਣਾ ਵੀ ਯਕੀਨੀ ਬਣਾਇਆ ਜਾਵੇ |