ਸ੍ਰੀ ਗੁਰੂ ਰਵਿਦਾਸ ਨਗਰ ਇੰਦਰਾ ਕਾਲੋਨੀ ਵਿਚ ਬਾਂਦਰਾਂ ਨੇ ਆਤੰਕ ਮਚਾਇਆ <br/>
ਅਜੀਤ ਡੈਸਕ
04-06-2026
ਮੋਗਾ, 3 ਜੂਨ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੇ ਸ੍ਰੀ ਗੁਰੂ ਰਵਿਦਾਸ ਨਗਰ ਇੰਦਰਾ ਕਾਲੋਨੀ ਵਿਚ ਬਾਂਦਰਾਂ ਨੇ ਆਤੰਕ ਮਚਾਇਆ ਹੋਇਆ ਹੈ | ਵੱਡੀ ਗਿਣਤੀ ਆਏ ਬਾਂਦਰਾਂ ਵਲੋਂ ਕਈ ਲੋਕਾਂ ਨੂੰ ਜ਼ਖ਼ਮੀ ਕਰਨ ਅਤੇ ਦੰਦਾਂ ਨਾਲ ਕੱਟਣ ਕਰ ਕੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਕਰ ਕੇ ਬੱਚੇ, ਬੁੱਢੇ ਤੇ ਜਵਾਨ ਘਰਾਂ ਦੇ ਅੰਦਰ ਰਹਿਣ ਲਈ ਮਜਬੂਰ ਹਨ | ਜਾਣਕਾਰੀ ਦਿੰਦਿਆਂ ਸੇਵਾ-ਮੁਕਤ ਪਿ੍ੰਸੀਪਲ ਭਜਨ ਰਾਮ, ਪ੍ਰਸ਼ੋਤਮ ਲਾਲ, ਰਾਮ ਸਰੂਪ, ਰਕੇਸ਼ ਕੁਮਾਰ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ 15 ਤੋਂ 20 ਬਾਂਦਰ ਇਸ ਕਾਲੋਨੀ ਵਿਚ ਆਏ ਹੋਏ ਹਨ ਜੋ ਘਰਾਂ ਵਿਚ ਵੜ ਕੇ ਬੱਚਿਆਂ ਬੁੱਢਿਆਂ 'ਤੇ ਹਮਲੇ ਕਰ ਰਹੇ ਹਨ ਤੇ ਖਾਣ ਪੀਣ ਦੀਆਂ ਵਸਤਾਂ ਖ਼ਰਾਬ ਕਰਦੇ ਹਨ | ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਵਿਚ ਬਾਂਦਰ ਵਲੋਂ 8-10 ਦੇ ਕਰੀਬ ਔਰਤਾਂ ਅਤੇ ਬੱਚਿਆਂ ਨੂੰ ਕੱਟ ਲਿਆ ਗਿਆ ਹੈ ਜਿਨ੍ਹਾਂ ਨੂੰ ਟੀਕੇ ਲਗਵਾਉਣੇ ਪਏ ਹਨ | ਉਨ੍ਹਾਂ ਦੱਸਿਆ ਕਿ ਮੁਹੱਲਾ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲ ਕੇ ਇਨ੍ਹਾਂ ਬਾਂਦਰਾਂ ਦਾ ਹੱਲ ਕਰਨ ਲਈ ਕਿਹਾ ਗਿਆ ਸੀ ਪਰ ਕਈ ਦਿਨ ਬੀਤ ਜਾਣ 'ਤੇ ਵੀ ਕੋਈ ਹੱਲ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਇਹ ਮੁਹੱਲਾ ਇਸ ਤਰ੍ਹਾਂ ਦਾ ਹੈ ਜਿੱਥੇ ਗਰਮੀ ਕਰ ਕੇ ਲੋਕ ਰਾਤ ਨੂੰ ਘਰਾਂ ਦੀਆਂ ਛੱਤਾਂ ਉੱਪਰ ਸੌਂਦੇ ਹਨ ਪਰ ਬਾਂਦਰਾਂ ਦੇ ਡਰ ਕਾਰਨ ਉਹ ਗਰਮੀ ਵਿਚ ਵੀ ਘਰ ਦੇ ਅੰਦਰ ਸੌਣ ਲਈ ਮਜਬੂਰ ਹਨ | ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਨ੍ਹਾਂ ਬਾਂਦਰਾਂ ਤੋਂ ਮੁਹੱਲਾ ਵਾਸੀਆਂ ਨੂੰ ਨਿਜਾਤ ਦਿਵਾਈ ਜਾਵੇ |