ਕੱੁਤਿਆਂ ਦੇ ਪ੍ਰੇਮੀਆਂ ਵਲੋਂ ਸੁਪਰੀਮ ਕੋਰਟ ਦੇ ਫ਼ੈਸਲੇ ਖ਼ਿਲਾਫ਼ ਸ਼ਾਂਤਮਈ ਪ੍ਰਦਰਸ਼ਨ <br/>
ਅਜੀਤ ਡੈਸਕ
04-06-2026
ਬਠਿੰਡਾ, 3 ਜੂਨ (ਪ੍ਰੀਤਪਾਲ ਸਿੰਘ ਰੋਮਾਣਾ)- ਸੁਪਰੀਮ ਕੋਰਟ ਵਲੋਂ ਲਾਵਾਰਿਸ ਕੁੱਤਿਆਂ ਸੰਬੰਧੀ ਦਿੱਤੇ ਗਏ ਹਾਲੀਆ ਫ਼ੈਸਲੇ ਦੇ ਵਿਰੋਧ 'ਚ ਕੁੱਤਿਆਂ ਦੇ ਪ੍ਰੇਮੀਆਂ ਅਤੇ ਪਸ਼ੂ ਭਲਾਈ ਨਾਲ ਜੁੜੇ ਲੋਕਾਂ ਨੇ ਸ਼ਹਿਰ ਦੇ ਰੋਜ ਗਾਰਡਨ ਵਿਖੇ ਸ਼ਾਂਤ ਮਈ ਪ੍ਰਦਰਸ਼ਨ ਕੀਤਾ | ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿਚ ਕੁੱਤਿਆਂ ਦੇ ਬਚਾਓ 'ਚ ਲਿਖੇ ਸਲੋਗਨ ਦੀਆਂ ਤਖ਼ਤੀਆਂ ਫੜ ਕੇ ਆਪਣਾ ਰੋਸ ਜਤਾਇਆ ਅਤੇ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ | ਇਸ ਮੌਕੇ ਪਸ਼ੂ ਪ੍ਰੇਮੀ ਸਮਾਜ ਸੇਵੀ ਰੀਤੂ ਸਵੇਰਾ ਨੇ ਦੱਸਿਆ ਕਿ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਹੱਲ ਉਨ੍ਹਾਂ ਨੂੰ ਹਟਾਉਣ ਜਾਂ ਸਖ਼ਤ ਕਦਮ ਚੁੱਕਣ ਦੀ ਬਜਾਏ ਨਸਬੰਦੀ, ਟੀਕਾਕਰਨ ਅਤੇ ਉਚਿੱਤ ਦੇਖਭਾਲ ਰਾਹੀਂ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਦਾ ਮੰਨਣਾ ਹੈ ਕਿ ਜਾਨਵਰਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਵੀ ਸਮਾਜ ਦੀ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਤਿਕਾਰ ਕਰਦੇ ਹਨ, ਪਰ ਇਸ ਦੇ ਕੁਝ ਪੱਖਾਂ ਨਾਲ ਅਸਹਿਮਤੀ ਰੱਖਦੇ ਹਨ | ਉਨ੍ਹਾਂ ਨੇ ਕੇਂਦਰ ਅਤੇ ਰਾਜ ਸਰਕਾਰਾਂ ਤੋਂ ਮੰਗ ਕੀਤੀ ਕਿ ਪਸ਼ੂ ਭਲਾਈ ਸੰਸਥਾਵਾਂ ਨਾਲ ਸਲਾਹ-ਮਸ਼ਵਰਾ ਕਰਕੇ ਅਜਿਹੀ ਨੀਤੀ ਬਣਾਈ ਜਾਵੇ ਜੋ ਮਨੁੱਖਾਂ ਅਤੇ ਜਾਨਵਰਾਂ ਦੋਵਾਂ ਦੇ ਹਿੱਤਾਂ ਦੀ ਰੱਖਿਆ ਕਰੇ | ਉਨ੍ਹਾਂ ਕਿਹਾ ਕਿ ਸਰਕਾਰਾਂ ਵਲੋਂ ਟੈਕਸ ਵਸੂਲ ਕੀਤਾ ਜਾ ਰਿਹਾ ਹੈ | ਪਸ਼ੂਆਂ ਦੇ ਲਈ ਸ਼ਹਿਰ ਵਿਚ 5 ਸ਼ੈਲਟਰ ਹੋਣੇ ਚਾਹੀਦੇ ਹਨ | ਪਰ ਪਸ਼ੂ ਆਵਾਰਾ ਸੜਕਾਂ ਉੱਪਰ ਰੂਲਣ ਲਈ ਮਜਬੂਰ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਇਨ੍ਹਾਂ ਆਵਾਰਾ ਕੁੱਤਿਆਂ ਦੀ ਸੰਭਾਲ ਲਈ ਸ਼ੈਲਟਰ ਬਣਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ | ਇਸ ਮੌਕੇ ਵੱਡੀ ਗਿਣਤੀ ਵਿਚ ਪਸ਼ੂ ਪ੍ਰੇਮੀ ਅਤੇ ਸਮਾਜ ਸੇਵੀ ਹਾਜ਼ਰ ਸਨ |