ਬਠਿੰਡਾ, 3 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਭਾਰਤ ਸਰਕਾਰ, ਇਸਤਰੀ ਅਤੇ ਬਾਲ ਵਿਕਾਸ ਮੰਤਰਾਲੇ, ਨਵੀਂ ਦਿੱਲੀ ਵਲੋਂ ਦੇਸ਼ ਵਿਚ ਹੋਣਹਾਰ ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਸਨਮਾਨਿਤ ਕੀਤਾ ਜਾਣਾ ਹੈ | ਇਸ ਸਨਮਾਨ ਲਈ 6 ਤੋਂ 18 ਸਾਲ ਦੇ ਬੱਚੇ ਅਪਲਾਈ ਕਰ ਸਕਦੇ ਹਨ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਇਹ ਪੁਰਸਕਾਰ ਉਨ੍ਹਾਂ ਬੱਚਿਆਂ ਨੂੰ ਦਿੱਤਾ ਜਾਣਾ ਹੈ, ਜਿਨ੍ਹਾਂ ਨੇ ਬਹਾਦਰੀ ਦੇ ਨਾਲ ਦੂਜਿਆਂ ਲਈ ਕੰਮ ਕੀਤੇ ਹਨ, ਛੋਟੇ ਬੱਚਿਆਂ ਲਈ ਰੋਲ ਮਾਡਲ ਹਨ ਜਾਂ ਖੇਡਾਂ ਦੇ ਖੇਤਰਾਂ ਵਿਚ, ਸਮਾਜ ਸੇਵਾ, ਵਿਗਿਆਨ ਅਤੇ ਤਕਨਾਲੋਜੀ, ਵਾਤਾਵਰਣ ਅਤੇ ਕਲਾ ਤੇ ਪ੍ਰਭਾਵ ਪਾਇਆ ਹੈ | ਇਸ ਐਵਾਰਡ ਲਈ ਕੋਈ ਵੀ ਬੱਚਾ, ਜੋ ਕਿ ਇਕ ਭਾਰਤ ਦਾ ਨਾਗਰਿਕ ਹੈ ਅਤੇ 6 ਤੋਂ 18 ਸਾਲ ਦੀ ਉਮਰ ਦਾ ਹੈ ਉਹ ਇਸ ਐਵਾਰਡ ਲਈ ਯੋਗ ਹੈ | ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਬਠਿੰਡਾ ਪੰਕਜ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਇਸ ਤਰ੍ਹਾਂ ਦੇ ਬੱਚਿਆਂ ਨੂੰ ਨਾਮਜ਼ਦ ਕਰਨ ਲਈ ਆਨਲਾਈਨ ਪੋਰਟਲ 'ਤੇ 31 ਜੁਲਾਈ 2026 ਤੱਕ ਅਪਲਾਈ ਕੀਤਾ ਜਾਵੇ ਅਤੇ ਇਸਦੀ ਸੂਚਨਾ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਬਠਿੰਡਾ, (ਮਿੰਨੀ ਸਕੱਤਰੇਤ, ਦੂਸਰੀ ਮੰਜਿਲ, ਕਮਰਾ ਨੰਬਰ-313 ਐਮ) ਨੂੰ ਦਿੱਤੀ ਜਾਵੇ ਤਾਂ ਜੋ ਇਸਦੀ ਸੂਚਨਾ ਡਾਇਰੈਕਟੋਰੇਟ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ, ਚੰਡੀਗੜ੍ਹ ਨੂੰ ਭੇਜੀ ਜਾ ਸਕੇ |