03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਮਾਨਸਾ ਖ਼ੁਰਦ ਤੱਕ ਬਣ ਰਹੀ ਸੜਕ ਦਾ ਕੰਮ ਅੱਧਵਾਟੇ ਲਟਕਿਆ <br/>

ਅਜੀਤ ਡੈਸਕ 04-06-2026
ਮਾਨਸਾ, 3 ਜੂਨ (ਰਾਵਿੰਦਰ ਸਿੰਘ ਰਵੀ)- ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੁੱਖ ਗੇਟ ਤੋਂ ਮਾਨਸਾ ਖ਼ੁਰਦ ਤੱਕ ਬਣ ਰਹੀ ਸੀਮਿੰਟਡ ਸੜਕ ਦਾ ਕੰਮ ਅਧਵਾਟੇ ਲਟਕਿਆ ਪਿਆ ਹੈ | ਦੱਸ ਦੇਈਏ ਕਿ ਵੀ.ਵੀ.ਆਈ.ਪੀ. ਕਰ ਕੇ ਜਾਣੀ ਜਾਂਦੀ ਇਸ ਸੜਕ ਦਾ ਬਣਿਆ ਕੁਝ ਹਿੱਸਾ ਥਾਂ-ਥਾਂ ਤੋਂ ਟੁੱਟਣ ਲੱਗ ਪਿਆ ਸੀ | ਸੜਕ 'ਤੇ ਘਟੀਆ ਮਟੀਰੀਅਲ ਵਰਤਣ ਦਾ ਮਾਮਲਾ ਭਖ ਗਿਆ, ਜਿਸ ਦੇ ਸਿੱਟੇ ਵਜੋਂ ਡਿਪਟੀ ਕਮਿਸ਼ਨਰ ਮਾਨਸਾ ਵਲੋਂ ਐਸ.ਡੀ.ਐਮ. ਦੀ ਅਗਵਾਈ 'ਚ ਕਮੇਟੀ ਗਠਿਤ ਕੀਤੀ ਗਈ ਸੀ | ਸੜਕ ਦੇ ਨਮੂਨੇ ਫ਼ੇਲ੍ਹ ਆਉਣ 'ਤੇ ਭਾਵੇਂ ਰਿਪੋਰਟ ਸਥਾਨਕ ਸਰਕਾਰਾਂ ਵਿਭਾਗ ਨੂੰ ਭੇਜ ਦਿੱਤੀ ਗਈ ਹੈ ਪਰ ਹਾਲੇ ਤੱਕ ਕੋਈ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ | ਅਧਿਕਾਰੀਆਂ ਖ਼ਿਲਾਫ਼ ਨਾ ਤਾਂ ਵਿਭਾਗੀ ਕਾਰਵਾਈ ਹੋਈ ਅਤੇ ਨਾ ਹੀ ਠੇਕੇਦਾਰ ਵਲੋਂ ਮੁੜ ਸੜਕ ਬਣਾਈ ਗਈ, ਜਿਸ ਕਰ ਕੇ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ 'ਤੇ ਕਈ ਤਰ੍ਹਾਂ ਦੀਆਂ ਉਂਗਲਾਂ ਉੱਠ ਰਹੀਆਂ ਹਨ | ਦੱਸਣਯੋਗ ਗੱਲ ਇਹ ਹੈ ਕਿ ਸੜਕ ਦਾ ਅਗਲਾ ਹਿੱਸਾ ਲਗਪਗ ਬਣਾ ਦਿੱਤਾ ਗਿਆ ਹੈ ਜਦਕਿ ਥੋੜ੍ਹੀ ਥਾਂ ਬਣਨ ਵਾਲੀ ਰਹਿ ਗਈ ਅਤੇ ਕੰਮ ਅੱਧ-ਵਿਚਾਲੇ ਲਟਕਿਆ ਪਿਆ ਹੈ | ਸੜਕ ਦੇ ਦੋਵੇਂ ਪਾਸੇ ਇੰਟਰਲਾਕ ਟਾਈਲਾਂ ਵੀ ਨਹੀਂ ਲਗਾਈਆਂ ਗਈਆਂ ਅਤੇ ਬਣੀ ਸੜਕ 'ਤੇ ਕਈ ਥਾਵਾਂ ਖਾਲੀ ਥਾਵਾਂ ਪਾਈਪਾਂ ਆਦਿ ਲਈ ਨਹੀਂ ਛੱਡੀਆਂ ਗਈਆਂ ਹਨ, ਜੋ ਪੂਰੀਆਂ ਨਹੀਂ ਗਈਆਂ | ਸੜਕ ਦੇ ਰਾਮ-ਰੌਲੇ ਕਰ ਕੇ ਪਿਛਲੇ 6 ਮਹੀਨਿਆਂ ਤੋਂ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਰਾਹਗੀਰ ਕੱਚੇ ਰਸਤਿਆਂ ਰਾਹੀਂ ਇੱਧਰ-ਉੱਧਰ ਆਉਣ-ਜਾਣ ਲਈ ਮਜਬੂਰ ਸਨ ਪਰ ਲੋਕਾਂ ਦਾ ਸਬਰ ਬੀਤੇ ਦਿਨ ਉਦੋਂ ਟੁੱਟ ਗਿਆ ਜਦੋਂ ਉਨ੍ਹਾਂ ਸੜਕ ਵਿਚਕਾਰ ਖਿੱਚੀ ਕੰਧ ਦਾ ਕੁਝ ਹਿੱਸਾ ਤੋੜ ਕੇ ਦੋਪਹੀਆ ਵਾਹਨ ਲਈ ਰਾਹ ਖੋਲ੍ਹ ਲਿਆ | ਲੋਕਾਂ ਦੀ ਮੰਗ ਹੈ ਕਿ ਸੜਕ ਦਾ ਅਧੂਰਾ ਕਾਰਜ ਪੂਰਾ ਕੀਤਾ ਜਾਵੇ ਅਤੇ ਬਣੀ ਸੜਕ ਦੀ ਗੁਣਵੱਤਾ ਦੀ ਜਾਂਚ ਕਰਵਾਈ ਜਾਵੇ |

ਪਿਛਲੀ ਖ਼ਬਰ ਸੜਕ ਹਾਦਸੇ 'ਚ ਇਕ ਜ਼ਖਮੀ ਅਗਲੀ ਖ਼ਬਰ ਪਿੰਡ ਮਾਨਖੇੜਾ ਤੇ ਚੂਹੜੀਆਂ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।