ਮਾਨਸਾ, 3 ਜੂਨ (ਰਾਵਿੰਦਰ ਸਿੰਘ ਰਵੀ)- ਅਜੋਕੇ ਮਸ਼ੀਨੀ ਯੁੱਗ 'ਚ ਮਨੁੱਖ ਨੂੰ ਸਰੀਰਕ ਤੰਦਰੁਸਤੀ ਲਈ ਹਰ ਰੋਜ਼ ਸਾਈਕਲ ਚਲਾਉਣ ਸਮੇਂ ਦੀ ਲੋੜ ਹੈ, ਤਾਂ ਹੀ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ | ਇਹ ਵਿਚਾਰ ਈਕੋ ਵੀਲ੍ਹਰ ਸਾਈਕਲ ਕਲੱਬ ਦੇ ਸਰਪ੍ਰਸਤ ਡਾ. ਜਨਕ ਰਾਜ ਸਿੰਗਲਾ ਨੇ ਇੱਥੇ ਵਿਸ਼ਵ ਬਾਈ ਸਾਈਕਲ ਦਿਵਸ ਮਨਾਉਣ ਮੌਕੇ ਪ੍ਰਗਟਾਏ | ਉਨ੍ਹਾਂ ਕਿਹਾ ਕਿ ਕਲੱਬ ਵਲੋਂ ਸਮੇਂ-ਸਮੇਂ 'ਤੇ ਸੈਮੀਨਾਰ ਕਰਵਾ ਕੇ ਲੋਕਾਂ ਨੂੰ ਸਾਈਕਲ ਚਲਾਉਣ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ | ਉਨ੍ਹਾਂ ਲੋਕਾਈ ਨੂੰ ਅਪੀਲ ਕੀਤੀ ਕਿ ਆਪਣੇ ਕੰਮ ਧੰਦਿਆਂ ਲਈ ਵੀ ਸਾਈਕਲ ਦਾ ਉਪਯੋਗ ਕਰਨ | ਕਲੱਬ ਮੈਂਬਰਾਂ ਨੇ ਸਥਾਨਕ ਬੱਸ ਸਟੈਂਡ ਚੌਂਕ ਤੋਂ ਪਿੰਡ ਭਾਈ ਦੇਸਾ ਤੱਕ 30 ਕਿੱਲੋਮੀਟਰ ਤੱਕ ਸਾਈਕਲ ਦੌੜ ਵੀ ਲਗਾਈ | ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਦੱਸਿਆ ਕਿ ਪਿਛਲੇ 8 ਸਾਲਾਂ ਤੋਂ ਸਾਈਕਲ ਕਲੱਬ ਚੱਲ ਰਿਹਾ ਹੈ ਅਤੇ ਇਸ ਦੇ ਮੈਂਬਰਾਂ ਨੇ ਲੰਬੀਆਂ ਸਾਈਕਲ ਦੌੜਾਂ ਲਗਾ ਕੇ ਜ਼ਿਲੇ੍ਹ ਦਾ ਮਾਣ ਵਧਾਇਆ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਾਈਕਲ ਦੌੜਾਂ ਦੇ ਮੁਕਾਬਲੇ ਕਰਵਾ ਕੇ ਲੋਕਾਂ ਨੂੰ ਸਾਈਕਲ ਚਲਾਉਣ ਵੱਲ ਪ੍ਰੇਰਿਤ ਕੀਤਾ ਜਾਵੇ | ਇਸ ਮੌਕੇ ਨਰਿੰਦਰ ਗੁਪਤਾ, ਹੈਪੀ ਜਿੰਦਲ, ਬੌਬੀ ਪਰਮਾਰ, ਜਸਵਿੰਦਰ ਸਿੰਘ, ਰਾਕੇਸ਼ ਕੁਮਾਰ, ਦੀਪਕ ਕੁਮਾਰ, ਅਮਨ ਅÏਲਖ, ਸ਼ਵੀ ਚਹਿਲ ਆਦਿ ਹਾਜ਼ਰ ਸਨ |