ਬਠਿੰਡਾ, 3 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਕਿਸਾਨ ਵੀਰਾਂ ਨੂੰ ਵਿੱਤੀ ਮੱਦਦ ਦਿੱਤੀ ਜਾਣੀ ਹੈ | ਇਸ ਦਾ ਲਾਹਾ ਲੈਣ ਲਈ ਕਿਸਾਨ ਪੋਰਟਲ 'ਤੇ ਆਪਣਾ ਰਜਿਸਟਰੇਸ਼ਨ 15 ਜੂਨ ਤੋਂ ਪਹਿਲਾਂ ਪਹਿਲਾਂ ਕਰਨ | ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤਪਾਲ ਕੌਰ ਨੇ ਦੱਸਿਆ ਕਿ ਸਕੀਮ ਦਾ ਲਾਭ ਲੈਣ ਲਈ ਕਿਸਾਨ 15 ਜੂਨ ਤੱਕ ਪੋਰਟਲ 'ਤੇ ਰਜਿਸਟਰੇਸ਼ਨ ਕਰਵਾ ਸਕਦੇ ਹਨ | ਪੰਜਾਬ ਸਰਕਾਰ ਵਲੋਂ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿੱਗਦੇ ਜਾ ਰਹੇ ਪੱਧਰ ਨੂੰ ਠੱਲ੍ਹ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ | ਪਾਣੀ ਬਚਾਉਣ ਦੇ ਮੰਤਵ ਲਈ ਖੇਤੀਬਾੜੀ ਵਿਭਾਗ ਵੱਲੋਂ ਸਾਉਣੀ 2026 ਦੌਰਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੀ ਵਿੱਤੀ ਮੱਦਦ ਦਿੱਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ 15-20 ਫੀਸਦੀ ਪਾਣੀ ਦੀ ਬੱਚਤ ਦੇ ਨਾਲ-ਨਾਲ ਜ਼ਮੀਨ ਵਿਚ ਪਾਣੀ ਦਾ ਰੀਚਾਰਜ, ਕੱਦੂ ਕਰਕੇ ਝੋਨਾ ਲਾਉਣ ਦੇ ਮੁਕਾਬਲੇ 10-12 ਪ੍ਰਤੀਸ਼ਤ ਵਧੇਰੇ ਹੁੰਦਾ ਹੈ | ਨਾਲ ਹੀ ਜਿੱਥੇ ਇਸ ਵਿਧੀ ਨਾਲ ਬਿਜਾਈ ਕਰਨ ਨਾਲ ਮਜ਼ਦੂਰੀ ਦੀ ਬੱਚਤ ਅਤੇ ਫ਼ਸਲ ਨੂੰ ਬਿਮਾਰੀ ਘੱਟ ਲੱਗਣ ਕਰਕੇ ਖੇਤੀ ਖ਼ਰਚੇ ਘੱਟਦੇ ਹਨ, ਉੱਥੇ ਹੀ ਝੋਨੇ ਦੀ ਪਰਾਲੀ ਦਾ ਸੌਖਾ ਪ੍ਰਬੰਧਨ ਅਤੇ ਇਸ ਉਪਰੰਤ ਬੀਜੀ ਕਣਕ ਦਾ ਝਾੜ ਵੀ ਵਧੇਰੇ ਨਿਕਲਦਾ ਹੈ | ਕਿਸਾਨ ਸਿਰਫ਼ ਆਪਣੇ ਆਧਾਰ ਕਾਰਡ ਅਤੇ ਇਸ ਨਾਲ ਰਜਿਸਟਰਡ ਮੋਬਾਇਲ ਨੰਬਰ ਨਾਲ ਆਪਣੇ-ਆਪ ਨੂੰ ਰਜਿਸਟਰ ਕਰ ਸਕਦੇ ਹਨ ਅਤੇ ਉਨ੍ਹਾਂ ਦੇ ਨਿੱਜੀ ਅਤੇ ਬੈਂਕ ਦੇ ਵੇਰਵੇ ਅਨਾਜ ਖਰੀਦ/ਈ ਮੰਡੀਕਰਨ ਪੋਰਟਲ ਤੋਂ ਲਏ ਜਾਣਗੇ | ਕਿਸਾਨ ਵਧੇਰੇ ਜਾਣਕਾਰੀ ਲਈ ਖੇਤੀਬਾੜੀ ਵਿਭਾਗ ਦੇ ਸਰਕਲ/ਬਲਾਕ ਪੱਧਰ ਦੇ ਅਧਿਕਾਰੀਆਂ ਨਾਲ ਤਾਲਮੇਲ ਕਰ ਸਕਦੇ ਹਨ |