ਮਾਨਸਾ, 3 ਜੂਨ (ਰਾਵਿੰਦਰ ਸਿੰਘ ਰਵੀ)- ਸੰਭਾਵੀ ਹੜ੍ਹਾਂ ਤੋਂ ਬਚਾਅ ਦੀਆਂ ਤਿਆਰੀਆਂ ਸੰਬੰਧੀ ਪ੍ਰਸ਼ਾਸਨ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਦਿਆਂ ਨਵਜੋਤ ਕੌਰ ਡਿਪਟੀ ਕਮਿਸ਼ਨਰ ਨੇ ਹਦਾਇਤਾਂ ਕੀਤੀਆਂ ਕਿ ਹੜ੍ਹ ਸੁਰੱਖਿਆ ਕਾਰਜ ਪੂਰੇ ਕੀਤੇ ਜਾਣ | ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਆਏ ਹੜ੍ਹਾਂ ਦੌਰਾਨ ਜਿਹੜੀਆਂ ਥਾਵਾਂ 'ਤੇ ਨੁਕਸਾਨ ਪਹੁੰਚਿਆ ਸੀ, ਵਿਖੇ ਕਮੀਆਂ ਨੂੰ ਦੂਰ ਕਰ ਕੇ ਸੁਰੱਖਿਆ ਯਕੀਨੀ ਬਣਾਈ ਜਾਵੇ | ਡੀ.ਸੀ. ਨੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਹੜ੍ਹ ਸੁਰੱਖਿਆ ਕਾਰਜ ਤਰਜੀਹੀ ਆਧਾਰ 'ਤੇ ਪੂਰੇ ਕਰਨੇ ਯਕੀਨੀ ਬਣਾਏ ਜਾਣ | ਉਨ੍ਹਾਂ ਉਪ ਮੰਡਲ ਮੈਜਿਸਟਰੇਟਾਂ ਨੂੰ ਵੀ ਹਦਾਇਤ ਕੀਤੀ ਕਿ ਬਰਸਾਤੀ ਸੀਜ਼ਨ ਤੋਂ ਪਹਿਲਾਂ ਸਬ-ਡਵੀਜ਼ਨਾਂ 'ਚ ਪੈਂਦੇ ਬਰਸਾਤੀ ਨਾਲਿਆਂ, ਡਰੇਨਾਂ ਆਦਿ ਦੀ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਸਬੰਧਿਤ ਵਿਭਾਗਾਂ ਨੂੰ ਮੁਸਤੈਦ ਰੱਖਿਆ ਜਾਵੇ | ਉਨ੍ਹਾਂ ਜ਼ਿਲ੍ਹਾ ਡਿਜਾਸਟਰ ਮੈਨੇਜਮੈਂਟ ਪਲਾਨ ਦੀ ਤਿਆਰੀ, ਡੀ-ਸਿਲਟਿੰਗ ਕਾਰਜਾਂ ਦੀ ਪ੍ਰਗਤੀ, ਕਾਰਜ ਯੋਜਨਾਵਾਂ ਦੀ ਤਿਆਰੀ ਆਦਿ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸਿਮਰਪ੍ਰੀਤ ਕੌਰ, ਉਪ ਮੰਡਲ ਮੈਜਿਸਟਰੇਟ ਬਲਜੀਤ ਕੌਰ, ਹਰਜਿੰਦਰ ਸਿੰਘ ਜੱਸਲ, ਗਗਨਦੀਪ ਸਿੰਘ ਕ੍ਰਮਵਾਰ ਮਾਨਸਾ, ਸਰਦੂਲਗੜ੍ਹ ਤੇ ਬੁਢਲਾਡਾ, ਡੀ.ਆਰ.ਏ. ਰਣਦੀਪ ਕੁਮਾਰ, ਐਸ.ਡੀ.ਓ. ਡਰੇਨੇਜ ਰਵਿੰਦਰ ਕੁਮਾਰ ਆਦਿ ਹਾਜ਼ਰ ਸਨ |
ਡੀ.ਸੀ. ਵਲੋਂ ਸੰਭਾਵੀ ਹੜ੍ਹਾਂ ਤੋਂ ਬਚਾਅ ਦੀਆਂ ਤਿਆਰੀਆਂ ਸੰਬੰਧੀ ਸਮੀਖਿਆ ਮੀਟਿੰਗ <br/>
ਅਜੀਤ ਡੈਸਕ
04-06-2026