17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਕਾ. ਲਾਭ ਸਿੰਘ ਮਾਨਸਾ ਦੀ ਬਰਸੀ ਮੌਕੇ ਇਨਕਲਾਬੀ ਧਿਰਾਂ ਵਲੋਂ ਤਿੱਖਾ ਸੰਘਰਸ਼ ਲੜਨ ਦਾ ਫ਼ੈਸਲਾ

ਅਜੀਤ ਡੈਸਕ 22-01-2026
ਮਾਨਸਾ, 21 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਬੱਸ ਕਿਰਾਇਆ ਘੋਲ ਦੇ ਸ਼ਹੀਦ ਕਾ. ਲਾਭ ਸਿੰਘ ਮਾਨਸਾ ਦੀ 45ਵੀਂ ਬਰਸੀ ਮੌਕੇ ਇਨਕਲਾਬੀ ਧਿਰਾਂ ਵਲੋਂ ਇੱਕਮੁੱਠਤਾ ਨਾਲ ਤਿੱਖਾ ਸੰਘਰਸ਼ ਲੜਨ ਦਾ ਫ਼ੈਸਲਾ ਕੀਤਾ ਗਿਆ | ਸਥਾਨਕ ਪੈਨਸ਼ਨਰ ਭਵਨ ਵਿਖੇ ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਪੁਰਾਣੀ ਮੱਦਾਂ ਨੂੰ ਖ਼ਾਰਜ ਕਰ ਕੇ ਕਾਰਪੋਰੇਟ ਘਰਾਣਿਆਂ ਦੇ ਪੱਖ 'ਚ ਨਵੇਂ ਕਾਨੂੰਨ ਘੜ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਅੱਜ ਦਾ ਸਮਾਗਮ ਲਾਭ ਸਿੰਘ ਦੇ ਸੁਪਨਿਆਂ ਨੂੰ ਫਿਰ ਹੀ ਸਾਕਾਰ ਕਰਨ ਯੋਗ ਹੋਵੇਗਾ ਜੇਕਰ ਕਿਰਤੀ ਲੋਕ ਸਰਮਾਏਦਾਰਾਂ ਦੀਆਂ ਨੀਤੀਆਂ ਖ਼ਿਲਾਫ਼ ਇਕ ਪਲੇਟਫ਼ਾਰਮ 'ਤੇ ਇਕੱਠੇ ਹੋ ਕੇ ਸੰਘਰਸ਼ ਲੜਨ | ਸੰਬੋਧਨ ਕਰਦਿਆਂ ਇੰਜੀ: ਦਰਸ਼ਨ ਸਿੰਘ ਭੁੱਲਰ ਨੇ ਕਿਹਾ ਕਿ ਬਿਜਲੀ ਖੇਤਰ ਦਾ ਨਿੱਜੀਕਰਨ ਦਰਅਸਲ ਸੰਸਾਰ ਬੈਂਕ ਦਾ ਏਜੰਡਾ ਹੈ, ਜਦੋਂ ਕਿ ਇਸ ਪਹਿਲਾਂ ਇਹ 13 ਦੇਸ਼ਾਂ ਵਿਚ ਬੁਰੀ ਤਰ੍ਹਾਂ ਅਸਫਲ ਹੋ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਸਰਕਾਰ ਪੰਜ ਸਾਲਾਂ ਵਿਚ ਕਰਾਸ ਸਬਸਿਡੀ ਪੂਰੀ ਤਰ੍ਹਾਂ ਖ਼ਤਮ ਕਰ ਦੇਵੇਗੀ, ਸਿੱਟੇ ਵਜੋਂ ਘਰੇਲੂ ਬਿਜਲੀ ਦਾ ਰੇਟ ਵੀ ਕਮਰਸ਼ੀਅਲ ਬਿਜਲੀ ਦੇ ਬਰਾਬਰ ਹੋਣ ਕਰ ਕੇ ਬਿਜਲੀ ਮਹਿੰਗੀ ਹੋ ਜਾਵੇਗੀ | ਉਨ੍ਹਾਂ ਦਸਿਆ ਕਿ ਮੋਦੀ ਸਰਕਾਰ ਵਲੋਂ ਕੋਲਾ ਸਪਲਾਈ ਵਿਚ ਪਾਏ ਵੱਡੇ ਵਿਚੋਲਿਆਂ ਕਰ ਕੇ ਇੰਡੋਨੇਸ਼ੀਆ ਤੋਂ ਸਾਡੇ ਤੱਕ ਪਹੁੰਚਦੇ ਕੋਲੇ ਦੀ ਕੀਮਤ ਵਿਚ ਤਿੰਨ ਗੁਣਾ ਵਾਧਾ ਹੋ ਰਿਹਾ ਹੈ | ਉਨ੍ਹਾਂ ਇਹ ਹੈਰਾਨੀਜਨਕ ਤੱਥ ਵੀ ਸਾਂਝਾ ਕੀਤਾ ਕਿ ਦੂਜੇ ਸੂਬਿਆਂ ਤੋਂ ਲਈ ਜਾਣ ਵਾਲੀ ਸੋਲਰ ਬਿਜਲੀ 2.77 ਪੈਸੇ ਪ੍ਰਤੀ ਯੂਨਿਟ ਮਿਲਦੀ ਹੈ, ਜਦੋਂ ਕਿ ਖ਼ੁਦ ਪੰਜਾਬ ਦੇ ਅੰਦਰੋਂ ਇਹ ਪ੍ਰਤੀ ਯੂਨਿਟ 5.29 ਪੈਸੇ ਖਰੀਦੀ ਜਾ ਰਹੀ ਹੈ | ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਸੂਬਾਈ ਬੁਲਾਰੇ ਸੁਖਦਰਸ਼ਨ ਸਿੰਘ ਨੱਤ ਨੇ ਮਗਨਰੇਗਾ ਦੀ ਥਾਂ ਲਿਆਂਦੇ ਨਵੇਂ ਕਾਨੂੰਨ 'ਵਿਕਸਤ ਭਾਰਤ-ਗ੍ਰਾਮੀਣ ਰੁਜ਼ਗਾਰ ਤੇ ਆਜੀਵਿਕਾ ਮਿਸ਼ਨ', ਸੁਖਦੇਵ ਸਿੰਘ ਭੁਪਾਲ ਆਗੂ ਐਨ.ਐਚ.ਸੀ.ਪੀ.ਐਮ. ਨੇ ਅਰਾਵਲੀ ਪਰਬਤ ਮਾਲਾ ਅਤੇ ਵਾਤਾਵਰਨ ਦੇ ਵਿਨਾਸ਼, ਡਾ. ਦਰਸ਼ਨ ਪਾਲ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਨਵੇਂ ਬੀਜ ਐਕਟ ਅਤੇ ਮੁਖਤਿਆਰ ਸਿੰਘ ਪੂਹਲਾ ਆਗੂ ਇਨਕਲਾਬੀ ਕੇਂਦਰ ਪੰਜਾਬ ਨੇ ਨਵੀਂ ਸਿੱਖਿਆ ਨੀਤੀ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ | ਯਾਦਗਾਰ ਕਮੇਟੀ ਵਲੋਂ ਸ਼ਹੀਦ ਦੀ ਜੀਵਨ ਸਾਥਣ ਅੰਗਰੇਜ਼ ਕੌਰ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਰੱਲੇ ਦੀ ਲੜਕੀ ਐਡਵੋਕੇਟ ਦਿਲਜੋਤ ਸ਼ਰਮਾ ਦੀ ਭੇਦਭਰੀ ਮੌਤ ਬਾਰੇ ਲੁਧਿਆਣਾ ਪੁਲਿਸ ਵਲੋਂ ਕੇਸ ਦਰਜ ਕਰ ਕੇ ਦੋਸ਼ੀਆਂ ਨੂੰ ਗਿ੍ਫ਼ਤਾਰ ਨਾ ਕਰਨ ਦੇ ਰੋਸ ਵਜੋਂ 22 ਜਨਵਰੀ ਨੂੰ ਜ਼ਿਲ੍ਹਾ ਪੁਲਿਸ ਮੁਖੀ ਮਾਨਸਾ ਦੇ ਦਫ਼ਤਰ ਨੇੜੇ ਦਿੱਤੇ ਜਾ ਰਹੇ ਧਰਨੇ 'ਚ ਸ਼ਾਮਿਲ ਹੋਣ ਦੀ ਅਪੀਲ ਕੀਤੀ | ਇਸ ਮੌਕੇ ਯਾਦਗਾਰ ਕਮੇਟੀ ਦੇ ਕਨਵੀਨਰ ਹਰਗਿਆਨ ਸਿੰਘ ਢਿੱਲੋਂ, ਸੁਰਿੰਦਰ ਪਾਲ ਸ਼ਰਮਾ, ਜਗਰਾਜ ਸਿੰਘ ਰੱਲਾ, ਰਾਜਵਿੰਦਰ ਸਿੰਘ ਰਾਣਾ, ਨਛੱਤਰ ਸਿੰਘ ਖੀਵਾ, ਕਰਨੈਲ ਸਿੰਘ ਜਖੇਪਲ, ਤਾਰਾ ਚੰਦ ਬਰੇਟਾ, ਭਜਨ ਸਿੰਘ ਘੁੰਮਣ, ਮੱਖਣ ਸਿੰਘ ਭੈਣੀਬਾਘਾ, ਮਨਜੀਤ ਮਾਨ, ਸੁਖਜੀਤ ਸਿੰਘ ਰਾਮਾਨੰਦੀ, ਸਿਕੰਦਰ ਸਿੰਘ ਘਰਾਂਗਣਾ, ਬਲਵਿੰਦਰ ਸਿੰਘ ਘਰਾਂਗਣਾ, ਸੁਖਦੇਵ ਸਿੰਘ ਪਾਂਧੀ, ਅਮੋਲਕ ਡੇਲੂਆਣਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 'ਮਿਸ਼ਨ 2027' ਤਹਿਤ ਜੀਤਮਹਿੰਦਰ ਸਿੰਘ ਸਿੱਧੂ ਨੇ ਕਾਂਗਰਸੀ ਵਰਕਰਾਂ ਨਾਲ ਕੀਤੀ ਭਰਵੀਂ ਮੀਟਿੰਗ <br/> ਅਗਲੀ ਖ਼ਬਰ ਸ਼ਹਿਰ ਵਿਚ ਧੜੱਲੇ ਨਾਲ ਵਿਕ ਰਿਹਾ ਫਾਸਟ ਫੂਡ, ਗੁਣਵੱਤਾ ਜਾਂਚ ਦੀ ਘਾਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।