ਭਾਈ ਜੈਤਾ ਜੀ ਫਾਊਂਡੇਸ਼ਨ ਦੇ ਸਾਲਾਨਾ ਸਮਾਗਮ ਤੇ ਐਲੂਮਨੀ ਮੀਟ ’ਚ ਸ਼ਖ਼ਸੀਅਤਾਂ ਨੇ ਫਾਊਂਡੇਸ਼ਨ ਦੇ ਕਾਰਜਾਂ ਨੂੰ ਸਲਾਹਿਆ
ਚੰਡੀਗੜ੍ਹ, 1 ਨਵੰਬਰ (ਅਜਾਇਬ ਸਿੰਘ ਔਜਲਾ)-ਭਾਈ ਜੈਤਾਜੀ ਫਾਊਂਡੇਸ਼ਨ ਇੰਡੀਆ ਵਲੋਂ ਸੈਕਟਰ-26 ਸਥਿਤ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਗਵਰਨੈਂਸ ਐਂਡ ਸੋਸ਼ਲ ਸਾਇੰਸਿਜ਼ ਵਿਖੇ ਸਾਲਾਨਾ ਸਮਾਗਮ ਤੇ ਐਲੂਮਨੀ ਮੀਟ-2026 ਕਰਵਾਈ ਗਈ। ਇਹ ਸੰਸਥਾ ਪੇਂਡੂ ਪੰਜਾਬ ਦੇ ਅਜਿਹੇ ਹੁਸ਼ਿਆਰ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਮੌਕੇ ਪ੍ਰਦਾਨ ਕਰਨ ਲਈ ਕੰਮ ਕਰ ਰਹੀ ਹੈ, ਜੋ ਆਰਥਿਕ ਅਤੇ ਸਮਾਜਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ।
ਚੰਡੀਗੜ੍ਹ, 1 ਨਵੰਬਰ (ਅਜਾਇਬ ਸਿੰਘ ਔਜਲਾ)-ਭਾਈ ਜੈਤਾਜੀ ਫਾਊਂਡੇਸ਼ਨ ਇੰਡੀਆ ਵਲੋਂ ਸੈਕਟਰ-26 ਸਥਿਤ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਗਵਰਨੈਂਸ ਐਂਡ ਸੋਸ਼ਲ ਸਾਇੰਸਿਜ਼ ਵਿਖੇ ਸਾਲਾਨਾ ਸਮਾਗਮ ਤੇ ਐਲੂਮਨੀ ਮੀਟ-2026 ਕਰਵਾਈ ਗਈ। ਇਹ ਸੰਸਥਾ ਪੇਂਡੂ ਪੰਜਾਬ ਦੇ ਅਜਿਹੇ ਹੁਸ਼ਿਆਰ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਮੌਕੇ ਪ੍ਰਦਾਨ ਕਰਨ ਲਈ ਕੰਮ ਕਰ ਰਹੀ ਹੈ, ਜੋ ਆਰਥਿਕ ਅਤੇ ਸਮਾਜਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ। ਫਾਊਂਡੇਸ਼ਨ ਹੁਣ ਤੱਕ ਅਜਿਹੇ ਵਰਗਾਂ ਦੇ ਵਿਦਿਆਰਥੀਆਂ ਨੂੰ ਦੇਸ਼ ਦੇ ਨਾਮਵਰ ਸਰਕਾਰੀ ਵਿੱਦਿਅਕ ਅਦਾਰਿਆਂ ਵਿਚ ਦਾਖਲਾ ਹਾਸਿਲ ਕਰਨ ਵਿਚ ਮਦਦ ਕਰ ਚੁੱਕੀ ਹੈ। ਸਮਾਗਮ ਦੀ ਪ੍ਰਧਾਨਗੀ ਪ੍ਰਮੁੱਖ ਉਦਯੋਗਪਤੀ ਤੇ ਟਾਈਨੌਰ ਆਰਥੋਟਿਕਸ ਦੇ ਸੀ. ਐੱਮ. ਡੀ. ਡਾ. ਪੀ. ਜੇ. ਸਿੰਘ ਨੇ ਕੀਤੀ, ਜਦਕਿ ਭਾਰਤੀ ਹਵਾਈ ਸੈਨਾ ਦੇ ਸਾਬਕਾ ਮੁਖੀ ਅਤੇ ਕਾਰਗਿਲ ਜੰਗ ਦੇ ਤਜਰਬੇਕਾਰ ਏਅਰ ਚੀਫ ਮਾਰਸ਼ਲ ਬੀ. ਐੱਸ. ਧਨੋਆ (ਸੇਵਾਮੁਕਤ) ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਫਾਊਂਡੇਸ਼ਨ ਦੇ ਮੈਨੇਜਿੰਗ ਟਰੱਸਟੀ ਐੱਸ . ਹਰਪਾਲ ਸਿੰਘ ਨੇ ਕਿਹਾ ਕਿ ਸੰਸਥਾ ਸਿੱਖਿਆ ਅਤੇ ਸਸ਼ਕਤੀਕਰਨ ਰਾਹੀਂ ਪੰਜਾਬ ਦੇ ਭਵਿੱਖ ਨੂੰ ਬਿਹਤਰ ਬਣਾਉਣ ਦੇ ਆਪਣੇ ਮਿਸ਼ਨ ਪ੍ਰਤੀ ਲਗਾਤਾਰ ਵਚਨਬੱਧ ਹੈ। ਪਿਛਲੇ 15 ਸਾਲਾਂ ਦੇ ਸਫ਼ਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਫਾਊਂਡੇਸ਼ਨ ਨੇ ਇਸ ਮਿਸ਼ਨ ’ਤੇ ਲਗਪਗ 38 ਕਰੋੜ ਰੁਪਏ ਖਰਚ ਕੀਤੇ ਹਨ। ਇਸ ਦੇ ਯਤਨਾਂ ਸਦਕਾ 1,670 ਬੱਚਿਆਂ ਨੂੰ ਜਵਾਹਰ ਨਵੋਦਿਆ ਵਿਦਿਆਲਿਆ ਵਿਚ ਦਾਖਲਾ ਦਿਵਾਉਣ ਵਿਚ ਮਦਦ ਮਿਲੀ ਹੈ ਅਤੇ ਪੰਜਾਬ ਦੇ ਲਗਪਗ 600 ਪਿੰਡਾਂ ਤੱਕ ਸੰਸਥਾ ਦੀ ਪਹੁੰਚ ਬਣੀ ਹੈ। ਉਨ੍ਹਾਂ ਅਗਲੇ ਪੰਜ ਸਾਲਾਂ ਦੌਰਾਨ ਫਾਊਂਡੇਸ਼ਨ ਦੀ ਪਹੁੰਚ ਪੰਜਾਬ ਦੇ 6,000 ਪਿੰਡਾਂ ਤੱਕ ਪਹੁੰਚਾਉਣ ਤੇ ਗਿਆਨ, ਮੌਕਿਆਂ ’ਤੇ ਖੁਸ਼ਹਾਲੀ ਨਾਲ ਭਰਪੂਰ ਪੰਜਾਬ ਦੀ ਸਿਰਜਣਾ ਦਾ ਸੱਦਾ ਦਿੱਤਾ। ਇਸ ਤੋਂ ਪਹਿਲਾਂ ਮਹਿਮਾਨਾਂ ਦਾ ਸਵਾਗਤ ਕਰਦਿਆਂ ਫਾਊਂਡੇਸ਼ਨ ਦੀ ਐਗਜ਼ੀਕਿਊਟਿਵ ਟਰੱਸਟੀ ਡਾ. ਰੁਪਿੰਦਰ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਪਿੱਛੇ ਅਧਿਆਪਕਾਂ ਦੀ ਮਿਹਨਤ, ਸਕੂਲਾਂ ਦਾ ਸਹਿਯੋਗ ਅਤੇ ਸਭ ਤੋਂ ਵੱਧ ਵਿਦਿਆਰਥੀਆਂ ਦੀ ਲਗਾਤਾਰ ਮਿਹਨਤ ਤੇ ਦ੍ਰਿੜ ਇਰਾਦਾ ਹੈ।ਸਮਾਗਮ ਦੌਰਾਨ ਏਅਰ ਚੀਫ ਮਾਰਸ਼ਲ ਬੀ. ਐੱਸ. ਧਨੋਆ (ਸੇਵਾਮੁਕਤ) ਤੇ ਮੁੱਖ ਮਹਿਮਾਨ ਡਾ. ਪੀ. ਜੇ. ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਵਿਚ ਬਿਹਤਰ ਪ੍ਰਦਰਸ਼ਨ ਕਰਨ, ਮਿਲ ਰਹੇ ਮੌਕਿਆਂ ਦਾ ਪੂਰਾ ਲਾਭ ਉਠਾਉਣ ਅਤੇ ਆਪਣੇ ਟੀਚਿਆਂ ਪ੍ਰਤੀ ਲਗਾਤਾਰ ਸਮਰਪਿਤ ਰਹਿਣ ਲਈ ਪ੍ਰੇਰਿਤ ਕੀਤਾ। ਸਮਾਰੋਹ ਦੌਰਾਨ ਕਵਿੱਤਰੀ ਅਫਰੋਜ ਫਾਰੂਕੀ ‘ਚਾਂਦਨੀ ਚੌਕ’ ਨਾਮੀ ਕਵਿਤਾ ਰਾਹੀ ਸਰੋਤਿਆਂ ਦੀ ਵਾਹਵਾ ਖੱਟੀ, ਉਥੇ ਪਲਵੀ, ਅਭੀਜੋਤ, ਸਾਰਾ ਖਾਨ, ਸੂਖਮ ਦੀ ਭੂਮਿਕਾ ਵੀ ਖੂਬ ਰਹੀ। ਇਸ ਮੌਕੇ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ’ਚ ਕੁਲਮੀਤ ਸਿੰਘ, ਚੰਡੀਗੜ੍ਹ ਕੇਂਦਰੀ ਸਿੰਘ ਸਭਾ ਦੇ ਪ੍ਰਧਾਨ ਪ੍ਰੋ. ਸ਼ਾਮ ਸਿੰਘ, ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ, ਪ੍ਰਿੰਸੀ: ਬਹਾਦਰ ਸਿੰਘ ਗੌਸਲ, ਪਿੰਗਲਵਾੜਾ ਨਾਲ ਜੁੜੀ ਸ਼ਖ਼ਸੀਅਤ ਪਰਮਜੀਤ ਕੌਰ ਪਸਰੀਚਾ, ਮੇਜਰ ਜਨਰਲ ਆਈ. ਪੀ. ਸਿੰਘ, ਬੀ. ਐਸ. ਵਾਲੀਆ ਤੋਂ ਇਲਾਵਾ ਅਨੁਰਾਗ ਕਸ਼ਯਪ, ਡਾ. ਚਾਰੂ ਆਦਿ ਸ਼ਖਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ।