ਡੇਰਾਬੱਸੀ ਦੇ ਪੰਜ ਗਰਾਮੀ ਦੇ ਦੋ ਪਿੰਡਾਂ ’ਚੋਂ ਇਕੋ ਰਾਤ 5 ਪਸ਼ੂ ਚੋਰੀ
ਡੇਰਾਬੱਸੀ, 1 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਪੇਂਡੂ ਖੇਤਰਾਂ ਵਿਚ ਪਸ਼ੂ ਚੋਰਾਂ ਦੀਆਂ ਵਧਦੀਆਂ ਸਰਗਰਮੀਆਂ ਨੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੀ ਨੀਂਦ ਉਡਾ ਦਿੱਤੀ ਹੈ। ਇਕੋ ਰਾਤ ਪਿੰਡ ਪਰਾਗਪੁਰ ਤੇ ਫਤਿਹਪੁਰ ਜੱਟਾਂ ਵਿਚ ਵਾਪਰੀਆਂ ਚੋਰੀ ਦੀਆਂ ਵਾਰਦਾਤਾਂ ਦੌਰਾਨ ਅਣਪਛਾਤੇ ਚੋਰ ਤਿੰਨ ਮੱਝਾਂ ਅਤੇ ਦੋ ਕਟਰੇ ਚੋਰੀ ਕਰਕੇ ਲੈ ਗਏ।
ਡੇਰਾਬੱਸੀ, 1 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਪੇਂਡੂ ਖੇਤਰਾਂ ਵਿਚ ਪਸ਼ੂ ਚੋਰਾਂ ਦੀਆਂ ਵਧਦੀਆਂ ਸਰਗਰਮੀਆਂ ਨੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੀ ਨੀਂਦ ਉਡਾ ਦਿੱਤੀ ਹੈ। ਇਕੋ ਰਾਤ ਪਿੰਡ ਪਰਾਗਪੁਰ ਤੇ ਫਤਿਹਪੁਰ ਜੱਟਾਂ ਵਿਚ ਵਾਪਰੀਆਂ ਚੋਰੀ ਦੀਆਂ ਵਾਰਦਾਤਾਂ ਦੌਰਾਨ ਅਣਪਛਾਤੇ ਚੋਰ ਤਿੰਨ ਮੱਝਾਂ ਅਤੇ ਦੋ ਕਟਰੇ ਚੋਰੀ ਕਰਕੇ ਲੈ ਗਏ। ਇਨ੍ਹਾਂ ਘਟਨਾਵਾਂ ਨੇ ਪਿੰਡਾਂ ਵਿਚ ਰਾਤਰੀ ਗਸ਼ਤ ਅਤੇ ਸੁਰੱਖਿਆ ਪ੍ਰਬੰਧਾਂ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪਿੰਡ ਪਰਾਗਪੁਰ ਦੇ ਪੀੜਤ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਪਿੱਛੇ ਖੇਤਾਂ ਨਾਲ ਲੱਗਦੇ ਵਾੜੇ ਦਾ ਜ਼ਿੰਦਰਾ ਤੋੜ ਕੇ ਚੋਰ ਦੋ ਮੱਝਾਂ ਅਤੇ ਇਕ ਕੱਟਾ ਲੈ ਗਏ। ਚੋਰੀ ਹੋਏ ਪਸ਼ੂਆਂ ਦੀ ਕੀਮਤ ਕਰੀਬ ਚਾਰ ਲੱਖ ਰੁ. ਹੈ। ਸੀ. ਸੀ. ਟੀ. ਵੀ. ਤਸਵੀਰਾਂ ਵਿਚ ਤੜਕੇ ਕਰੀਬ ਡੇਢ ਵਜੇ ਦੋ ਵਿਅਕਤੀ ਮੱਝਾਂ ਨੂੰ ਹੱਕ ਕੇ ਲਿਜਾਂਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਨਾਲ ਇਕ ਗੱਡੀ ਵੀ ਨਜ਼ਰ ਆ ਰਹੀ ਹੈ। ਇਸੇ ਰਾਤ ਨੇੜਲੇ ਪਿੰਡ ਫਤਿਹਪੁਰ ਜੱਟਾਂ ਵਿਚ ਅਰਵਿੰਦਰ ਕੁਮਾਰ ਪੁੱਤਰ ਪੰਨਾ ਲਾਲ ਮੱਝ ਤੇ ਕਟਰੀ ਵੀ ਚੋਰੀ ਹੋ ਗਈ। ਪਿੰਡ ਦੇ ਸਾਬਕਾ ਸਰਪੰਚ ਜਸਬੀਰ ਸਿੰਘ ਜੱਸੀ ਨੇ ਦੱਸਿਆ ਕਿ ਪੀੜਤ ਪਰਿਵਾਰ ਦਾ ਘਰ ਦੇ ਪਿਛਲੇ ਪਾਸੇ ਹੈ ਅਤੇ ਵਾੜਾ ਸੜਕ ਦੇ ਬਿਲਕੁਲ ਉੱਪਰ ਹੈ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਚੋਰਾਂ ਨੇ ਪਸ਼ੂ ਨੂੰ ਬਿਨਾਂ ਰੌਲਾ ਪਾਏ ਲਿਜਾਣ ਲਈ ਕੋਈ ਤਰੀਕਾ ਵਰਤਿਆ ਹੋ ਸਕਦਾ ਹੈ। ਪਹਿਲਾਂ ਵੀ ਚੋਰੀ ਹੋ ਚੁੱਕੀਆਂ ਹਨ ਦੋ ਮੱਝਾਂ ਜੱਸੀ ਅਨੁਸਾਰ ਕਰੀਬ ਦੋ-ਤਿੰਨ ਮਹੀਨੇ ਪਹਿਲਾਂ ਪਿੰਡ ਵਾਸੀ ਸੰਤ ਸਿੰਘ ਦੀਆਂ ਦੋ ਮੱਝਾਂ ਵੀ ਚੋਰੀ ਹੋਈਆਂ ਸਨ, ਜਿਨ੍ਹਾਂ ਦਾ ਅਜੇ ਤੱਕ ਸੁਰਾਗ ਨਹੀਂ ਲੱਗਿਆ। ਇਸ ਤੋਂ ਪਹਿਲਾਂ ਤ੍ਰਿਵੇਦੀ ਕੈਂਪ ਵਿਖੇ ਵੀ ਪਸ਼ੂ ਚੋਰੀ ਕਰਨ ਆਏ ਸ਼ੱਕੀ ਵਿਅਕਤੀ ਕੈਂਟਰ ਛੱਡ ਕੇ ਫ਼ਰਾਰ ਹੋ ਗਏ ਸਨ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪੁਲਿਸ ਇਨ੍ਹਾਂ ਵਾਰਦਾਤਾਂ ਦੀ ਸਾਂਝੀ ਪੜਤਾਲ ਕਰਕੇ ਸੰਭਾਵਿਤ ਪਸ਼ੂ ਚੋਰ ਗਰੋਹ ਦਾ ਪਤਾ ਲਗਾਵੇ। ਜਾਂਚ ਅਧਿਕਾਰੀ ਐੱਸ. ਆਈ. ਕੁਲਦੀਪ ਸਿੰਘ ਅਨੁਸਾਰ ਪੁਲਿਸ ਨੇ ਮਾਮਲਾ ਦਰਜ ਕਰਕੇ ਸੀ. ਸੀ. ਟੀ. ਵੀ. ਤਸਵੀਰਾਂ ਤੇ ਸ਼ੱਕੀ ਗੱਡੀ ਦੇ ਸੁਰਾਗਾਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।