30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਚੰਨ ਦਾ ਦੀਦਾਰ ਕਰਕੇ ਸੁਹਾਗਣ ਔਰਤਾਂ ਨੇ ...

ਚੰਡੀਗੜ੍ਹ, 29 ਅਕਤੂਬਰ (ਅਜਾਇਬ ਸਿੰਘ ਔਜਲਾ)- ਹਰ ਵਰ੍ਹੇ ਦੀ ਤਰ੍ਹਾਂ ਇਸ ਵਾਰੀ ਵੀ ‘ਕਰਵਾ ਚੌਥ’ ਦੇ ਤਿਉਹਾਰ ਮੌਕੇ ਅੱਜ ਚੰਡੀਗੜ੍ਹ ਦੇ ਸੁਹਾਵਣੇ ਮੌਸਮ ਦੌਰਾਨ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਵਿਚ ਇਸ ਤਿਉਹਾਰ ਨੂੰ ਮਨਾਉਣ ਲਈ ਮੁਟਿਆਰਾਂ ਤੇ ਮਹਿਲਾਵਾਂ ਵਿਚ ਬਰਾਬਰ ਦਾ ਉਤਸ਼ਾਹ ਪਾਇਆ ਗਿਆ। ਇਸੇ ਦੌਰਾਨ ਸਥਾਨਕ ਵੱਖ-ਵੱਖ ਮੰਦਰਾਂ ਵਿਚ ਸ਼ਰਧਾ ਤੇ ਉਤਸ਼ਾਹ ਨਾਲ ਮਹਿਲਾਵਾਂ ਵਲੋਂ ਪੂਜਾ ਅਰਚਨਾ ਵੀ ਕੀਤੀ ਗਈ ਅਤੇ ਮਹਿਲਾਵਾਂ ਵਲੋਂ ਭੁੱਖੇ- ਪਿਆਸੇ ਰਹਿ ਕੇ ਆਪਣੇ ਪਤੀ ਦੀ ਸਲਾਮਤੀ ਅਤੇ ਲੰਮੀ ਉਮਰ ਦੀਆਂ ਦੁਆਵਾਂ ਕੀਤੀਆਂ ਗਈਆਂ।

ਅਜੀਤ ਡੈਸਕ 30-10-2026
ਚੰਡੀਗੜ੍ਹ, 29 ਅਕਤੂਬਰ (ਅਜਾਇਬ ਸਿੰਘ ਔਜਲਾ)- ਹਰ ਵਰ੍ਹੇ ਦੀ ਤਰ੍ਹਾਂ ਇਸ ਵਾਰੀ ਵੀ ‘ਕਰਵਾ ਚੌਥ’ ਦੇ ਤਿਉਹਾਰ ਮੌਕੇ ਅੱਜ ਚੰਡੀਗੜ੍ਹ ਦੇ ਸੁਹਾਵਣੇ ਮੌਸਮ ਦੌਰਾਨ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਵਿਚ ਇਸ ਤਿਉਹਾਰ ਨੂੰ ਮਨਾਉਣ ਲਈ ਮੁਟਿਆਰਾਂ ਤੇ ਮਹਿਲਾਵਾਂ ਵਿਚ ਬਰਾਬਰ ਦਾ ਉਤਸ਼ਾਹ ਪਾਇਆ ਗਿਆ। ਇਸੇ ਦੌਰਾਨ ਸਥਾਨਕ ਵੱਖ-ਵੱਖ ਮੰਦਰਾਂ ਵਿਚ ਸ਼ਰਧਾ ਤੇ ਉਤਸ਼ਾਹ ਨਾਲ ਮਹਿਲਾਵਾਂ ਵਲੋਂ ਪੂਜਾ ਅਰਚਨਾ ਵੀ ਕੀਤੀ ਗਈ ਅਤੇ ਮਹਿਲਾਵਾਂ ਵਲੋਂ ਭੁੱਖੇ- ਪਿਆਸੇ ਰਹਿ ਕੇ ਆਪਣੇ ਪਤੀ ਦੀ ਸਲਾਮਤੀ ਅਤੇ ਲੰਮੀ ਉਮਰ ਦੀਆਂ ਦੁਆਵਾਂ ਕੀਤੀਆਂ ਗਈਆਂ। ਔਰਤਾਂ ਦੇ ਨਾਲ ਨਾਲ ਮੁਟਿਆਰਾਂ ਵੀ ਨਵੇਂ ਕੱਪੜੇ ਅਤੇ ਸੱਜ-ਸੰਵਰ ਕੇ ਜਿੱਥੇ ਸ਼ਹਿਰ ਦੇ ਬਾਜ਼ਾਰਾਂ ਵਿਚ ਖ਼ੁਸ਼ੀ ਭਰੇ ਅੰਦਾਜ਼ ਵਿਚ ਵਿਚਰੀਆਂ ਉੱਥੇ ਸਿਨੇਮੇ ਘਰਾਂ ਵਿਚ ਵੀ ਔਰਤਾਂ ਤੇ ਮੁਟਿਆਰਾਂ ਦੀ ਹਾਜ਼ਰੀ ਪਹਿਲਾਂ ਨਾਲੋਂ ਵਧੇਰੇ ਰਹੀ। ਚੰਡੀਗੜ੍ਹ ਦੇ ਸੈਕਟਰ 20 ਸਥਿਤ ਸੈਂਕੜੇ ਔਰਤਾਂ ਨੇ ਇਕੱਠੇ ਬੈਠ ਕੇ ਇਸ ਤਿਉਹਾਰ ਨਾਲ ਸੰਬੰਧਿਤ ਧਾਰਮਿਕ ਰਸਮਾਂ ਵੀ ਅਦਾ ਕੀਤੀਆਂ। ਇਸੇ ਤਰ੍ਹਾਂ ਸੈਕਟਰ-22 ਦੇ ਸਨਾਤਨ ਧਰਮ ਮੰਦਰ ਦੇ ਨਾਲ-ਨਾਲ ਸੈਕਟਰ 37, 40 ਵਿਚ ਵੀ ਮਹਿਲਾਵਾਂ ਵਲੋਂ ਕਰਵਾ ਚੌਥ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇੱਥੇ ਔਰਤਾਂ ਨੇ ਹੱਥਾਂ ਨਾਲ ਬਣਾਏ ਮਿੱਟੀ ਦੇ ਘੜੇ ਤੇ ਕੁੱਜਿਆਂ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ। ਤਿਉਹਾਰ ਦੀਆਂ ਤਿਆਰੀਆਂ ਦੇ ਵਿਚਕਾਰ ਔਰਤਾਂ ਵੀ ਰਵਾਇਤੀ ਰੀਤੀ ਰਿਵਾਜ਼ਾਂ ਅਨੁਸਾਰ ਪੂਜਾ ਸਮਗਰੀ ਇਕੱਠੀ ਕਰਨ ਵਿਚ ਰੁੱਝੀਆਂ ਹੋਈਆਂ ਵਿਖਾਈ ਦਿੱਤੀਆਂ। ਇੱਥੇ ਵੀ ਭਾਰਤੀ ਸੱਭਿਆਚਾਰ ਵਿਚ ਕਰਵਾ ਚੌਥ ਦਾ ਵਿਆਹੁਤਾ ਔਰਤਾਂ ਲਈ ਵਿਸ਼ੇਸ਼ ਮਹੱਤਵ ਤਹਿਤ ਕਰਵਾ ਚੌਥ ਦਾ ਵਰਤ ਰੱਖਦੀਆਂ ਹੋਈਆਂ ਪੂਜਾ ਰਸਮਾਂ ਵੀ ਨਿਵਾਈਆਂ ਗਈਆਂ ਤੇ ਆਪਣੀ ਪਤੀਆਂ ਦੀ ਲੰਮੀ ਉਮਰ, ਖ਼ੁਸ਼ੀ ਤੇ ਖ਼ੁਸ਼ਹਾਲੀ ਲਈ ਪ੍ਰਾਰਥਨਾ ਵੀ ਕੀਤੀਆਂ। ਸ਼ਹਿਰ ਵਿਚ ਵੱਖ-ਵੱਖ ਮੰਦਰਾਂ ਵਿਚ ਮਹਿਲਾਵਾਂ ਵਲੋਂ ਕਥਾ ਸੁਣਨ ਦੇ ਨਾਲ ਨਾਲ ਥਾਲ਼ੀ ਵਟਾਉਣ ਦੀਆਂ ਰਸਮਾਂ ਵੀ ਨਿਭਾਈਆਂ ਗਈਆਂ। ਵਿਸ਼ੇਸ਼ ਕਰਕੇ ਚੰਡੀਗੜ੍ਹ ਦੀ ਸੁਖਨਾ ਝੀਲ ਤੇ ਸੁਹਾਵਣੇ ਮੌਸਮ ਦਾ ਆਨੰਦ ਮਾਨਣ ਲਈ ਮੁਟਿਆਰਾਂ ਅਤੇ ਮਹਿਲਾਵਾਂ ਦੀ ਪਹਿਲੇ ਦਿਨਾਂ ਨਾਲੋਂ ਅੱਜ ਜ਼ਿਆਦਾ ਚਹਿਲ- ਪਹਿਲ ਰਹੀ । ਇਸੇ ਤਰ੍ਹਾਂ ਦੀ ਚਹਿਲ- ਪਹਿਲ ਸੈਕਟਰ-42 ਦੀ ਨਵੀਂ ਝੀਲ ’ਤੇ ਵੀ ਵੇਖਣ ਨੂੰ ਮਿਲੀ। ਇਨ੍ਹਾਂ ਥਾਵਾਂ ’ਤੇ ਮੋਬਾਈਲ ਫ਼ੋਨ ਦੀਆਂ ਸੰਗੀਤਕ ਧੁੰਨਾਂ ਦੇ ਸੁਮੇਲ ਵਿਚ ਗੀਤਾਂ ਦੇ ਬੋਲਾਂ ’ਤੇ ਥਿਰਕਦੀਆਂ ਹੋਈਆਂ ਮੁਟਿਆਰਾਂ ਨੇ ਵੀ ਖ਼ੂਬ ਰੌਣਕਾਂ ਲਾਈਆਂ। ਦੂਜੇ ਪਾਸੇ ਸ਼ਹਿਰ ਦੇ ਵੱਖ-ਵੱਖ ਵਪਾਰ ਨਾਲ ਜੁੜੇ ਦੁ ਕਾਨਦਾਰ ਵੀ ਕਾਫ਼ੀ ਖ਼ੁਸ਼ ਦਿਖਾਈ ਦਿੱਤੇ ਤੇ ਕੁਝ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਅਜਿਹੇ ਤਿਉਹਾਰਾਂ ਦੀ ਬਦੌਲਤ ਆਰਥਿਕ ਤੌਰ ’ਤੇ ਚੰਗਾ ਹੁਲਾਰਾ ਮਿਲਦਾ ਹੈ, ਜੋ ਵੀ ਇਸ ਵਾਰੀ ਵੀ ਵਧੀਆ ਰਿਹਾ ਹੈ। ਖ਼ਾਸ ਕਰਕੇ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਵਿਚ ਰੇਡੀਮੇਟ ਕੱਪੜੇ ਵਾਲਿਆਂ, ਬਿਊਟੀ ਪਾਰਲਰਾਂ ਅਤੇ ਸਰਾਫ਼ਾਂ ਦੀਆਂ ਦੁਕਾਨਾਂ ਵਾਲਿਆਂ ਦੇ ਚਿਹਰਿਆਂ ’ਤੇ ਵਧੇਰੇ ਖ਼ੁਸ਼ੀ ਦੀ ਝਲਕ ਦਿਖਾਈ ਦਿੱਤੀ। ਸ਼ਹਿਰ ਵਿਚ ਔਰਤਾਂ ਦੇ ਹੱਥਾਂ ਪੈਰਾਂ ਤੇ ਮਹਿੰਦੀ ਲਾਉਣ ਵਾਲਿਆਂ ਦੀ ਵੀ ਚਾਂਦੀ ਰਹੀ। ਚੰਡੀਗੜ੍ਹ ਦੇ ਵੱਖ-ਵੱਖ ਕਲੱਬਾਂ ਤੇ ਮੰਚਾਂ ਵਲੋਂ ਵੀ ਇਸ ਤਿਉਹਾਰ ਨੂੰ ਵਧੇਰੇ ਰੋਚਕ ਬਣਾਉਣ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਗਏ। ਖ਼ਾਸ ਕਰਕੇ ਸ਼ਹਿਰ ਦੀ ਸੁਖਨਾ ਝੀਲ ’ਤੇ ਔਰਤਾਂ ਵਲੋਂ ਆਪਣਾ ਕਰਵਾ ਚੌਥ ਦਾ ਵਰਤ ਖੋਲ੍ਹਣ ਲਈ ਵਿਸ਼ੇਸ਼ ਰੁਚੀ ਦਿਖਾਈ । ਇੱਥੇ ਸੱਜ-ਸੰਵਰ ਕੇ ਵਰਤ ਰੱਖਣ ਵਾਲੀਆਂ ਔਰਤਾਂ ਨੇ ਕਰਵਾ ਚੌਥ ਤਿਉਹਾਰ ਨਾਲ ਸੰਬੰਧਿਤ ਬੋਲਾਂ ਨੂੰ ਗੁਣ- ਗੁਣਾਉਂਦਿਆਂ ਚੰਦਰਮਾ ਦੀ ਝਲਕ ਦੇਖਦੇ ਹੀ ਖ਼ੁਸ਼ੀ-ਖ਼ੁਸ਼ੀ ਆਪਣੇ ਵਰਤ ਨੂੰ ਖੋਲ੍ਹਿਆ ਅਤੇ ਚੰਨ ਦਾ ਦੀਦਾਰ ਕਰਕੇ ਸੁਹਾਗਣ ਔਰਤਾਂ ਨੇ ਆਪਣੇ ‘ਚੰਨ’ ਦੀ ਲੰਮੀ ਉਮਰ ਤੇ ਸਲਾਮਤੀ ਦੀ ਦੁਆ ਮੰਗੀ।
ਪਿਛਲੀ ਖ਼ਬਰ ਚੰਡੀਮੰਦਰ ਦੇ ਹਾਈ ਸਕਿਓਰਿਟੀ ਫ਼ੌਜੀ ਇਲਾਕੇ ’ਚ ਚੋਰੀ ਦੀ ਕੋਸ਼ਿਸ਼, ਪਤੀ-ਪਤਨੀ ਕਾਬੂ ਅਗਲੀ ਖ਼ਬਰ ਕਰਵਾ ਚੌਥ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਨ ਲਈ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਵਲੋਂ ਵਿਸ਼ੇਸ਼ ਉਪਰਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।