14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

‘ ਅਕਾਲੀ ਦਲ ਵਾਰਿਸ ਪੰਜਾਬ ਦੇ ’ ਪਾਰਟੀ ਦੀ ਏਜੰਡਾ ਅਤੇ ਵਿਚਾਰ ਕਮੇਟੀ ਦੀ ਪਲੇਠੀ ਮੀਟਿੰਗ ਦੌਰਾਨ ਮਹੱਤਵਪੂਰਨ ਮੁੱਦਿਆਂ ’ ਤੇ ਹੋਈ ਚਰਚਾ ਨਵੰਬਰ ਮਹੀਨੇ ਦੇ ਅੰਤ ਤੱਕ ਜਾਰੀ ਕੀਤਾ ਜਾਵੇਗਾ ਪਾਰਟੀ ਦਾ ਚੋਣ ਮੈਨੀਫੈਸਟੋ : ਝੂੰਦਾਂ

ਐੱਸ. ਏ.

ਮੁਹਾਲੀ ਵਿਖੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦੀ ਏਜੰਡਾ ਅਤੇ ਵਿਚਾਰ ਕਮੇਟੀ ਦੀ ਪਲੇਠੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਮੇਟੀ ਦੇ ਚੇਅਰਮੈਨ ਇਕਬਾਲ ਸਿੰਘ ਝੂੰਦਾਂ। ਅਜੀਤ ਤਸਵੀਰ 14-10-2026
ਐੱਸ. ਏ. ਐੱਸ. ਨਗਰ, 13 ਅਕਤੂਬਰ (ਪ੍ਰੋ. ਅਵਤਾਰ ਸਿੰਘ)- ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਪਾਰਟੀ ਪ੍ਰੋਗਰਾਮ ਨੂੰ ਤੈਅ ਕਰਨ ਅਤੇ ਚੋਣ ਮੈਨੀਫੈਸਟੋ ਤਿਆਰ ਕਰਨ ਲਈ ਬਣਾਈ ਗਈ ਵਿਚਾਰ ਅਤੇ ਏਜੰਡਾ ਕਮੇਟੀ ਦੀ ਪਲੇਠੀ ਮੀਟਿੰਗ ਕਮੇਟੀ ਦੇ ਚੇਅਰਮੈਨ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਹੇਠ ਮੁਹਾਲੀ ਵਿਖੇ ਹੋਈ। ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਇਕਬਾਲ ਸਿੰਘ ਝੂੰਦਾਂ ਨੇ ਦੱਸਿਆ ਕਿ ਅੱਜ ਪੰਥ ਨਾਲ ਜੁੜੇ ਬੇਹੱਦ ਮਹੱਤਵਪੂਰਨ ਮੁੱਦੇ ਹਨ, ਜੋ ਕਿ ਪੰਜਾਬ ਦੀ ਸਿਆਸਤ ਨੂੰ ਦੂਜੇ ਸੂਬਿਆਂ ਦੀ ਸਿਆਸਤ ਦੇ ਮੁਕਾਬਲੇ ਵੱਖਰਾ ਦ੍ਰਿਸ਼ਟੀਕੋਣ ਨਾਲ ਪੇਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨੂੰ ਅਜਿਹੇ ਨੀਤੀਗਤ ਪ੍ਰੋਗਰਾਮ ਦੀ ਲੋੜ ਹੈ, ਜਿਸ ਨੂੰ ਆਧਾਰ ਬਣਾ ਕੇ ਸੂਬੇ ਨੂੰ ਹਰ ਪਹਿਲੂ ਤੋਂ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਅੱਜ ਪੰਜਾਬ ਨੂੰ ਹਰ ਤਰ੍ਹਾਂ ਨਾਲ ਲੁੱਟਿਆ ਜਾ ਰਿਹਾ ਹੈ ਅਤੇ ਪਿਛਲੀਆਂ ਸਰਕਾਰਾਂ ਦੀਆਂ ਗ਼ਲਤੀਆਂ ਕਾਰਨ ਸੂਬੇ ਦੇ ਸਿਰ ਕਰਜੇ ਦੀ ਪੰਡ ਕਾਫ਼ੀ ਭਾਰੀ ਹੋ ਚੁੱਕੀ ਹੈ, ਜਦਕਿ ਸਿੱਖਿਆ ਅਤੇ ਸਿਹਤ ਦੇ ਖੇਤਰ ਦਾ ਜਨਾਜ਼ਾ ਨਿਕਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਸੈਕਟਰ, ਜਿਹੜਾ ਕਿ ਸੂਬੇ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ, ਨੂੰ ਬੁਰੇ ਤਰੀਕੇ ਨਾਲ ਨਜ਼ਰ ਅੰਦਾਜ਼ ਕੀਤਾ ਗਿਆ ਹੈ, ਜਦਕਿ ਉਦਯੋਗ ਜਗਤ ਲਈ ਕੋਈ ਠੋਸ ਪਾਲਿਸੀ ਨਾ ਹੋਣ ਕਾਰਨ ਉਦਯੋਗ ਪੰਜਾਬ ਤੋਂ ਬਾਹਰ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀ ਦੀ ਲੁੱਟ ਅਤੇ ਇਸ ਦਾ ਪ੍ਰਦੂਸ਼ਿਤ ਹੋਣਾ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਦਾ ਵਿਦੇਸ਼ਾਂ ਵੱਲ ਰੁਖ ਅਤੇ ਇਸ ਦਾ ਨਸ਼ੇ ਦੀ ਦਲਦਲ ‘ਚ ਧਸਣਾ ਗੁਰੂਆਂ ਪੀਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਲਈ ਸ਼ਰਮਿੰਦਗੀ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਵਿਚਾਰ ਅਤੇ ਏਜੰਡਾ ਕਮੇਟੀ ਵਲੋਂ ਆਉਣ ਵਾਲੇ ਦਿਨਾਂ ਅੰਦਰ ਪੰਜਾਬ ਦਾ ਦੌਰਾ ਕਰਕੇ ਕਿਸਾਨਾਂ, ਵਿਦਿਆਰਥੀਆਂ, ਨੌਜਾਵਨ ਵਰਗ, ਉਦਯੋਗ ਜਗਤ ਨਾਲ ਜੁੜੇ ਲੋਕਾਂ, ਖਿਡਾਰੀਆਂ ਤੇ ਮਹਿਲਾ ਵਰਗ ਸਮੇਤ ਹਰ ਖੇਤਰ ਦੇ ਮਾਹਿਰਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਦੇ ਵਿਚਾਰ ਸੁਣੇ ਜਾਣਗੇ, ਉਪਰੰਤ ਏਜੰਡਾ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਵੰਬਰ ਮਹੀਨੇ ਦੇ ਅੰਤ ਤੱਕ ਪਾਰਟੀ ਵਲੋਂ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਜਾਵੇਗਾ। ਮੀਟਿੰਗ ‘ਚ ਕਮੇਟੀ ਦੇ ਕਨਵੀਨਰ ਬਲਦੀਪ ਸਿੰਘ, ਮੈਂਬਰ ਸਕੱਤਰ ਗੰਗਵੀਰ ਰਾਠੌਰ, ਡਾ. ਸੁਖਪ੍ਰੀਤ ਸਿੰਘ ਉਦੋਕੇ, ਜਸਵਿੰਦਰ ਸਿੰਘ ਜਹਾਂਗੀਰ, ਪ੍ਰੋ. ਰਣਜੀਤ ਸਿੰਘ ਧਨੋਆ, ਗੁਰਪ੍ਰੀਤ ਸਿੰਘ ਮੰਡਿਆਣੀ, ਅਰਵਿੰਦਰਪਾਲ ਸਿੰਘ, ਡਾ. ਦੀਪੇਸ਼ ਬੱਤਰਾ, ਕਰਮਜੀਤ ਸਿੰਘ, ਐਡਵੋਕੇਟ ਸਰਬਜੀਤ ਸਿੰਘ, ਇੰਜ. ਬਲਜਿੰਦਰ ਸਿੰਘ, ਬੀਬੀ ਹਰਪ੍ਰੀਤ ਕੌਰ ਫਿਲੌਰ, ਐਡਵੋਕੇਟ ਗੁਰਦੀਪ ਸਿੰਘ ਗਿੱਲ ਤੇ ਡਾ. ਹਰਪ੍ਰੀਤ ਸਿੰਘ (ਸਾਰੇ ਕਮੇਟੀ ਮੈਂਬਰ) ਹਾਜ਼ਰ ਸਨ।
ਪਿਛਲੀ ਖ਼ਬਰ ਡਰੋਨ ਰਾਹੀਂ ਲਾਰਵੀਸਾਈਡ ਦੇ ਛਿੜਕਾਅ ਲਈ ਸਿਹਤ ਵਿਭਾਗ ਨੇਂ ਮੈਸਰਜ਼ ਕਿਰਨ ਕਾਰਪੋਰੇਸ਼ਨ ਮੁੰਬਈ ਨਾਲ ਕੀਤਾ ਸਮਝੌਤਾ ਅਤਿ-ਆਧੁਨ... ਅਗਲੀ ਖ਼ਬਰ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਮਹੱਤਵਪੂਰਨ ਕਦਮ ਚੁੱਕ ਰਹੀ ਹੈ - ਗੋਲਡੀ ਪਿੰਡ ਖਿਜ਼ਰਾਬਾਦ ਵਿਖੇ ਲੋਕ ਮਿਲਣੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।