ਐੱਸ. ਏ. ਐੱਸ. ਨਗਰ, 7 ਅਕਤੂਬਰ (ਕਪਿਲ ਵਧਵਾ)-ਆਨਲਾਈਨ ਟਰੇਡਿੰਗ ਵਿਚ ਵੱਡੇ ਮੁਨਾਫ਼ੇ ਦਾ ਝਾਂਸਾ ਦੇ ਕੇ ਢਕੋਲੀ ਵਾਸੀ ਵਿਅਕਤੀ ਨਾਲ ਕਰੀਬ 19.12 ਲੱਖ ਰੁ. ਦੀ ਠੱਗੀ ਮਾਰਨ ਦੇ ਦੋਸ਼ ਹੇਠ ਸਾਇਬਰ ਕ੍ਰਾਈਮ ਥਾਣਾ ਮੁਹਾਲੀ ਨੇ ਨੀਹਾਰਿਕਾ ਅਗਰਵਾਲ ਤੇ ਹੋਰ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਪ੍ਰਦੀਪ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਨੀਹਾਰਿਕਾ ਅਗਰਵਾਲ ਨੇ ਆਪਣੇ ਆਪ ਨੂੰ ਐੱਚ. ਐੱਸ. ਬੀ. ਸੀ. ਬੈਂਕ ਦੀ ਫਾਈਨੈਂਸ਼ੀਅਲ ਐਡਵਾਈਜ਼ਰ ਦੱਸ ਕੇ ਉਸ ਨੂੰ ਆਨਲਾਈਨ ਟਰੇਡਿੰਗ ਵਿਚ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ। ਉਸ ਵਲੋਂ ਏ. ਟੀ. ਐੱਫ. ਐਕਸ. ਟਰੇਡਿੰਗ ਪਲੇਟਫਾਰਮ ਦਾ ਲਿੰਕ ਭੇਜਿਆ ਗਿਆ, ਜਿਸ ’ਤੇ ਉਸ ਨੇ ਖਾਤਾ ਬਣਾਇਆ। ਸ਼ਿਕਾਇਤ ਅਨੁਸਾਰ 24 ਅਗਸਤ ਤੋਂ 26 ਸਤੰਬਰ ਤੱਕ ਪ੍ਰਦੀਪ ਨੇ ਵੱਖ-ਵੱਖ ਟਰਾਂਜ਼ੈਕਸ਼ਨਾਂ ਰਾਹੀਂ ਦਿਵਿਆ ਐਂਟਰਪ੍ਰਾਈਜ਼ਿਜ਼, ਐਂਜਲ ਟਰੇਡਰਜ਼ ਅਤੇ ਸ਼ਿਵ ਸ਼ਕਤੀ ਐਂਟਰਪ੍ਰਾਈਜ਼ਿਜ਼ ਦੇ ਖਾਤਿਆਂ ਵਿਚ ਕੁੱਲ 19,11,992 ਰੁ. ਦੇ ਕਰੀਬ ਰਕਮ ਜਮ੍ਹਾਂ ਕਰਵਾਈ। ਉਸ ਨੂੰ ਪਲੇਟਫਾਰਮ ’ਤੇ 1,00,338 ਡਾਲਰ ਦਾ ਮੁਨਾਫ਼ਾ ਦਿਖਾਇਆ ਗਿਆ। ਜਦੋਂ ਉਸ ਨੇ ਰਕਮ ਵਾਪਸ ਮੰਗੀ ਤਾਂ ਟੈਲੀਗ੍ਰਾਮ ’ਤੇ ਏ. ਟੀ. ਐੱਫ. ਐਕਸ. ਗਲੋਬਲ ਸਪੋਰਟ ਵਲੋਂ ਹੋਰ 17,388 ਡਾਲਰ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ। ਸ਼ੱਕ ਹੋਣ ’ਤੇ ਉਸ ਨੇ ਹੋਰ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ। ਪੁਲਿਸ ਮੁਤਾਬਿਕ ਸ਼ਿਕਾਇਤਕਰਤਾ ਦੀ ਸ਼ਿਕਾਇਤ ’ਤੇ ਪਹਿਲਾਂ ਹੀ ਈ-ਜ਼ੀਰੋ ਐੱਫ. ਆਈ. ਆਰ. ਦਰਜ ਸੀ। ਜਾਂਚ ਤੋਂ ਬਾਅਦ ਥਾਣਾ ਸਾਇਬਰ ਕ੍ਰਾਈਮ ਵਿਚ ਬੀ. ਐੱਨ. ਐੱਸ. ਦੀ ਧਾਰਾ 318 (4) ਅਤੇ ਆਈ. ਟੀ. ਐਕਟ ਦੀ ਧਾਰਾ 66- ਡੀ ਤਹਿਤ ਨੀਹਾਰਿਕਾ ਅਗਰਵਾਲ ਤੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।