07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਵਿਆਹ ਤੋਂ ਬਾਅਦ ਦਾਜ ਦੀ ਮੰਗ ਕਰਨ ਤੇ ਗਹਿਣੇ ਵਾਪਸ ਨਾ ਕਰਨ ਦੇ ਦੋਸ਼ ਹੇਠ ਪਤੀ ਖ਼ਿਲਾਫ਼ ਮਾਮਲਾ ਦਰਜ

ਐੱਸ. ਏ.

ਅਜੀਤ ਡੈਸਕ 07-10-2026
ਐੱਸ. ਏ. ਐੱਸ. ਨਗਰ, 6 ਅਕਤੂਬਰ (ਕਪਿਲ ਵਧਵਾ)-ਵਿਆਹ ਤੋਂ ਬਾਅਦ ਦਹੇਜ਼ ਦੀ ਮੰਗ ਕਰਨ, ਪਤਨੀ ਦੇ ਗਹਿਣੇ ਆਪਣੇ ਕਬਜ਼ੇ ‘ਚ ਰੱਖਣ ਅਤੇ ਉਸ ਨੂੰ ਮਾਨਸਿਕ ਤੇ ਸਰੀਰਕ ਤੌਰ ‘ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਮੁਹਾਲੀ ਪੁਲਿਸ ਨੇ ਕਰਨ ਪੋਪਲੀ ਨਾਮਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਲੜਕੀ ਨੇ ਪਤੀ ਤੋਂ ਇਲਾਵਾ ਆਪਣੇ ਸੱਸ, ਸਹੁਰੇ ਅਤੇ ਨਨਾਣ ‘ਤੇ ਵੀ ਗੰਭੀਰ ਦੋਸ਼ ਲਗਾਏ ਸਨ। ਮਾਮਲੇ ਦੀ ਜਾਂਚ ਡੀ.ਐੱਸ.ਪੀ. ਮਹਿਲਾ ਅਤੇ ਬੱਚਿਆਂ ਵਿਰੁੱਧ ਅਪਰਾਧ ਸ਼ਾਖਾ ਵਲੋਂ ਕੀਤੀ ਗਈ। ਪੁਲਿਸ ਜਾਂਚ ਦੌਰਾਨ ਪਤੀ ਕਰਨ ਪੋਪਲੀ ਖ਼ਿਲਾਫ਼ ਦਹੇਜ਼ ਲਈ ਤੰਗ-ਪ੍ਰੇਸ਼ਾਨ ਕਰਨ ਅਤੇ ਪਤਨੀ ਦਾ ਇਸਤਰੀਧਨ ਤੇ ਗਹਿਣੇ ਆਪਣੇ ਕਬਜ਼ੇ ‘ਚ ਰੱਖਣ ਦੇ ਦੋਸ਼ ਮੁੱਢਲੀ ਜਾਂਚ ‘ਚ ਸਹੀ ਪਾਏ ਗਏ। ਇਸ ਤੋਂ ਬਾਅਦ ਐੱਸ.ਐੱਸ.ਪੀ. ਮੁਹਾਲੀ ਦੀ ਮਨਜ਼ੂਰੀ ਨਾਲ ਥਾਣਾ ਮਹਿਲਾ ਫੇਜ਼-8 ਮੁਹਾਲੀ ਵਿਖੇ ਕਰਨ ਪੋਪਲੀ ਖ਼ਿਲਾਫ਼ ਬੀ. ਐੱਨ. ਐੱਸ. ਦੀ ਧਾਰਾ 85 ਅਤੇ 316 (2) ਤਹਿਤ ਕੇਸ ਦਰਜ ਕੀਤਾ ਗਿਆ। ਨੌਕਰੀ ਦੌਰਾਨ ਹੋਈ ਸੀ ਮੁਲਾਕਾਤ , ਜੁਲਾਈ ’ ਚ ਹੋਇਆ ਸੀ ਰੋਕਾ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਸ਼ਿਕਾਇਤਕਰਤਾ ਅਤੇ ਕਰਨ ਪੋਪਲੀ ਦੀ ਮੁਲਾਕਾਤ ਨੌਕਰੀ ਦੌਰਾਨ ਹੋਈ ਸੀ। ਦੋਵਾਂ ਨੇ ਪਰਿਵਾਰਾਂ ਦੀ ਸਹਿਮਤੀ ਨਾਲ ਜੁਲਾਈ 2024 ‘ਚ ਰੋਕਾ ਕੀਤਾ ਸੀ ਅਤੇ 11 ਦਸੰਬਰ 2024 ਨੂੰ ਕਰਨਾਲ ਵਿਖੇ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ ਸ਼ਿਕਾਇਤਕਰਤਾ ਆਸ਼ਿਮਾ ਆਪਣੇ ਪਤੀ ਨਾਲ ਮੁਹਾਲੀ ਵਿਖੇ ਕਿਰਾਏ ਦੇ ਮਕਾਨ ‘ਚ ਰਹਿਣ ਲੱਗ ਪਈ। ਸ਼ਿਕਾਇਤ ‘ਚ ਦੋਸ਼ ਲਗਾਇਆ ਗਿਆ ਹੈ ਕਿ ਵਿਆਹ ਤੋਂ ਪਹਿਲਾਂ ਅਤੇ ਬਾਅਦ ‘ਚ ਸਹੁਰੇ ਪਰਿਵਾਰ ਵਲੋਂ ਪੈਸਿਆਂ ਅਤੇ ਮਹਿੰਗੇ ਸਾਮਾਨ ਦੀ ਮੰਗ ਕੀਤੀ ਗਈ। ਪੁਲਿਸ ਜਾਂਚ ਰਿਪੋਰਟ ‘ਚ 10 ਦਸੰਬਰ 2024 ਨੂੰ ਕਰਨ ਪੋਪਲੀ ਦੇ ਕਹਿਣ ‘ਤੇ ਉਸ ਦੇ ਪਿਤਾ ਨੂੰ 1.50 ਲੱਖ ਰੁ. ਦਿੱਤੇ ਜਾਣ ਦਾ ਵੀ ਜ਼ਿਕਰ ਹੈ। ਵਿਆਹ ਤੋਂ ਬਾਅਦ ਫ਼ਰਨੀਚਰ, ਏ. ਸੀ., ਟੀ. ਵੀ., ਵਾਟਰ ਪਿਊਰੀਫਾਇਰ ਸਮੇਤ ਹੋਰ ਸਾਮਾਨ ਦੀ ਮੰਗ ਕੀਤੇ ਜਾਣ ਦਾ ਦੋਸ਼ ਹੈ, ਜੋ ਕਿ ਸ਼ਿਕਾਇਤਕਰਤਾ ਦੇ ਮਾਪਿਆਂ ਵਲੋਂ ਦਿੱਤਾ ਗਿਆ। ਗਹਿਣੇ ਸੁਰੱਖਿਅਤ ਰੱਖਣ ਦੇ ਨਾਂਅ ’ ਤੇ ਲੈ ਗਿਆ ਪਤੀ , ਪਰ ਵਾਪਸ ਨਹੀਂ ਕੀਤੇ ਆਸ਼ਿਮਾ ਨੇ ਦੋਸ਼ ਲਗਾਇਆ ਕਿ ਨਵੰਬਰ 2025 ‘ਚ ਉਸ ਦਾ ਪਤੀ ਉਸ ਦੇ ਸੋਨੇ ਦੇ ਗਹਿਣੇ ਇਹ ਕਹਿ ਕੇ ਆਪਣੇ ਨਾਲ ਲੈ ਗਿਆ ਕਿ ਉਨ੍ਹਾਂ ਨੂੰ ਕਰਨਾਲ ‘ਚ ਸੁਰੱਖਿਅਤ ਰੱਖਿਆ ਜਾਵੇਗਾ, ਪਰ ਬਾਅਦ ‘ਚ ਗਹਿਣੇ ਵਾਪਸ ਨਹੀਂ ਕੀਤੇ ਗਏ। ਇਸ ਤੋਂ ਇਲਾਵਾ ਡੇਰਾਬੱਸੀ ਵਿਖੇ ਫਲੈਟ ਖ਼ਰੀਦਣ ਲਈ ਵੀ ਉਸ ‘ਤੇ ਪੇਕੇ ਪਰਿਵਾਰ ਤੋਂ ਪੈਸੇ ਲਿਆਉਣ ਦਾ ਦਬਾਅ ਬਣਾਇਆ ਗਿਆ। ਸ਼ਿਕਾਇਤਕਰਤਾ ਮੁਤਾਬਿਕ ਉਸ ਨੇ ਆਪਣੀ ਬਚਤ ‘ਚੋਂ 39 ਹਜ਼ਾਰ ਅਤੇ 11 ਹਜ਼ਾਰ ਰੁ. ਆਪਣੇ ਪਤੀ ਨੂੰ ਦਿੱਤੇ ਸਨ। ਦੋਸ਼ ਹੈ ਕਿ ਜਨਵਰੀ 2026 ‘ਚ ਹੋਰ ਪੈਸੇ ਲਿਆਉਣ ਤੋਂ ਇਨਕਾਰ ਕਰਨ ‘ਤੇ ਕਰਨ ਨੇ ਪੀੜਤਾ ਨਾਲ ਕੁੱਟਮਾਰ ਅਤੇ ਗਾਲੀ-ਗਲੋਚ ਕੀਤੀ। ਅਪ੍ਰੈਲ 2026 ‘ਚ ਵਿਵਾਦ ਵਧਣ ਤੋਂ ਬਾਅਦ ਕਰਨ ਉਸ ਨੂੰ ਕਿਰਾਏ ਦੇ ਮਕਾਨ ‘ਚ ਛੱਡ ਕੇ ਚਲਾ ਗਿਆ। ਪੁਲਿਸ ਦੀ ਮੁੱਢਲੀ ਜਾਂਚ ‘ਚ ਆਸ਼ਿਮਾ ਦਾ ਇਸਤਰੀਧਨ ਅਤੇ ਗਹਿਣੇ ਕਰਨ ਪੋਪਲੀ ਵਲੋਂ ਆਪਣੇ ਕਬਜ਼ੇ ‘ਚ ਰੱਖਣ ਦੇ ਦੋਸ਼ ਸਹੀ ਪਾਏ ਗਏ ਹਨ। ਪੁਲਿਸ ਵਲੋਂ ਮਾਮਲੇ ‘ਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਮੇਅਰ ਮਜ਼ਬੂਤ ਤਾਂ ਸ਼ਹਿਰ ਮਜ਼ਬੂਤ ’- ਚੰਡੀਗੜ੍ਹ ਕਾਨਫ਼ਰੰਸ ’ ਚ ਉੱਠਿਆ ਸਾਂਝਾ ਸੁਰ ਆਲ ਇੰਡੀਆ ਮੇਅਰਜ਼ ਕੌਂਸਲ ਦੀ ਦੋ ਰੋਜ਼ਾ ਕਾ... ਅਗਲੀ ਖ਼ਬਰ ਰੋਮਾਨੀਆ ਦੀ ਰਾਜਦੂਤ ਸੇਨਾ ਲਤੀਫ਼ ਨੇ ਪੰਜਾਬ ਦੇ ਰਾਜਪਾਲ ਕਟਾਰੀਆ ਨਾਲ ਕੀਤੀ ਮੁਲਾਕਾਤ ਭਾਰਤ-ਰੋਮਾਨੀਆ ਸਹਿਯੋਗ ਨੂੰ ਹੋਰ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।